ਅਬੋਹਰ, 5 ਜੂਨ (ਵਿਵੇਕ ਹੂੜੀਆ)-ਅਬੋਹਰ ਦੇ ਨੇੜਲੇ ਪਿੰਡ ਬੱਲੂਆਣਾ ਕੋਲ ਬੀਤੀ ਦੇਰ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ | ਹਾਲਾਂਕਿ ਟਰਾਲਾ ਚਾਲਕ ਦੀ ਸਮਝਦਾਰੀ ਸਦਕਾ ਵੱਡਾ ਜਾਨੀ-ਮਾਲੀ ਨੁਕਸਾਨ ਹੋਣੋਂ ਬਚ ਗਿਆ | ਇਸ ਹਾਦਸੇ ਵਿਚ ਟਰਾਲੇ ਦੇ ਕੰਡਕਟਰ ਨੂੰ ਸੱਟਾਂ ਲੱਗੀਆਂ ਹਨ, ਜਦੋਂ ਕਿ ਚਾਲਕ ਵਾਲ-ਵਾਲ ਬਚ ਗਿਆ | ਇਹ ਹਾਦਸਾ ਇੱਕ ਨਿੱਜੀ ਬੱਸ ਨੂੰ ਬਚਾਉਣ ਦੇ ਚੱਕਰ ਵਿਚ ਵਾਪਰਿਆ, ਜਿਸ ਕਾਰਨ ਟਰਾਲਾ ਬੇਕਾਬੂ ਹੋ ਕੇ ਸੜਕ ਕਿਨਾਰੇ ਖਾਲ਼ੇ ਵਿਚ ਜਾ ਪਲਟਿਆ | ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਇਕ ਟਰਾਲਾ ਕੱਲਰ ਖੇੜਾ ਤੋਂ ਮਿੱਟੀ ਲੱਦ ਕੇ ਬਠਿੰਡਾ ਵੱਲ ਜਾ ਰਿਹਾ ਸੀ, ਜਿਸ ਵਿਚ ਟਰਾਲਾ ਚਾਲਕ ਕੁਲਦੀਪ ਸਿੰਘ ਅਤੇ ਕੰਡਕਟਰ ਇੰਦੂ ਸਿੰਘ ਸਵਾਰ ਸਨ | ਕੰਡਕਟਰ ਇੰਦੂ ਸਿੰਘ ਨੇ ਦੱਸਿਆ ਕਿ ਜਦੋਂ ਉਹ ਅਬੋਹਰ ਤੋਂ ਬਠਿੰਡਾ ਵੱਲ ਜਾ ਰਹੇ ਸਨ ਤਾਂ ਪਿੰਡ ਬੱਲੂਆਣਾ ਕੋਲ ਪਹੁੰਚਦਿਆਂ ਹੀ ਅਚਾਨਕ ਲਿੰਕ ਰੋਡ ਤੋਂ ਇਕ ਬੱਸ ਮੁੱਖ ਸੜਕ 'ਤੇ ਚੜ੍ਹ ਗਈ | ਟਰਾਲਾ ਚਾਲਕ ਨੇ ਦੱਸਿਆ ਕਿ ਉਨ੍ਹਾਂ ਨੇ ਬੱਸ ਨੂੰ ਟੱਕਰ ਹੋਣੋਂ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਨ੍ਹਾਂ ਦਾ ਟਰਾਲਾ ਬੇਕਾਬੂ ਹੋ ਗਿਆ ਅਤੇ ਸੜਕ ਕਿਨਾਰੇ ਪਲਟ ਗਿਆ | ਹਾਦਸਾ ਇੰਨਾ ਗੰਭੀਰ ਸੀ ਕਿ ਚਾਲਕ ਕੁਲਦੀਪ ਸਿੰਘ ਅਤੇ ਕੰਡਕਟਰ ਇੰਦੂ ਸਿੰਘ ਵਾਹਨ ਦੇ ਕੈਬਿਨ ਵਿਚ ਬੁਰੀ ਤਰ੍ਹਾਂ ਫਸ ਗਏ ਅਤੇ ਕੰਡਕਟਰ ਨੂੰ ਕਾਫ਼ੀ ਸੱਟਾਂ ਲੱਗੀਆਂ | ਘਟਨਾ ਨੂੰ ਦੇਖ ਕੇ ਆਸ-ਪਾਸ ਦੇ ਲੋਕ ਤੁਰੰਤ ਮੌਕੇ 'ਤੇ ਇਕੱਠੇ ਹੋ ਗਏ ਅਤੇ ਇਸ ਦੀ ਸੂਚਨਾ 112 ਹੈਲਪ ਲਾਈਨ 'ਤੇ ਦਿੱਤੀ | ਰਾਹਗੀਰਾਂ ਅਤੇ ਸਥਾਨਕ ਲੋਕਾਂ ਨੇ ਭਾਰੀ ਮਸ਼ੱਕਤ ਕਰਦਿਆਂ ਕਰੀਬ ਇੱਕ ਘੰਟੇ ਦੀ ਜੱਦੋਜਹਿਦ ਤੋਂ ਬਾਅਦ ਦੋਵਾਂ ਨੂੰ ਸੁਰੱਖਿਅਤ ਬਾਹਰ ਕੱਢਿਆ | ਟਰਾਲਾ ਚਾਲਕ ਕੁਲਦੀਪ ਸਿੰਘ ਨੇ ਦੱਸਿਆ ਕਿ ਜੇਕਰ ਉਸ ਨੇ ਸਮੇਂ ਸਿਰ ਬੱਸ ਨੂੰ ਬਚਾਉਣ ਦਾ ਫ਼ੈਸਲਾ ਨਾ ਲਿਆ ਹੁੰਦਾ ਤਾਂ ਕੋਈ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਸੀ ਅਤੇ ਬੱਸ ਵਿਚ ਸਵਾਰ ਸਵਾਰੀਆਂ ਦੀ ਜਾਨ ਵੀ ਖ਼ਤਰੇ ਵਿਚ ਪੈ ਸਕਦੀ ਸੀ | ਇਸ ਹਾਦਸੇ ਵਿਚ ਟਰਾਲਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ | ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਚਾਲਕ ਫ਼ੋਨ 'ਤੇ ਗੱਲ ਕਰ ਰਿਹਾ ਸੀ ਅਤੇ ਟਰਾਲਾ ਚਾਲਕ ਵਲੋਂ ਕਈ ਵਾਰ ਹਾਰਨ ਵਜਾਉਣ ਦੇ ਬਾਵਜੂਦ ਬੱਸ ਵਾਲੇ ਨੇ ਧਿਆਨ ਨਹੀਂ ਦਿੱਤਾ, ਜਿਸ ਕਾਰਨ ਇਹ ਹਾਦਸਾ ਪੇਸ਼ ਆਇਆ |