01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

'ਮਿਸ਼ਨ ਕਲੀਨ ਪੰਜਾਬ' ਸਿਰਫ਼ ਸੋਸ਼ਲ ਮੀਡੀਆ ਤੱਕ ਸੀਮਤ ਨਾ ਰਹੇ, ਜ਼ਮੀਨੀ ਪੱਧਰ 'ਤੇ ਦਿਖੇ ਬਦਲਾਅ-ਵਿਧਾਇਕ ਸੰਦੀਪ ਜਾਖੜ

ਅਜੀਤ ਡੈਸਕ 10-06-2026
ਅਬੋਹਰ, 9 ਜੂਨ (ਵਿਵੇਕ ਹੂੜੀਆ)-ਪੰਜਾਬ ਸਰਕਾਰ ਵਲੋਂ ਸੂਬੇ ਨੂੰ ਸਾਫ਼-ਸੁਥਰਾ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਮੁਹਿੰਮ 'ਮਿਸ਼ਨ ਕਲੀਨ ਪੰਜਾਬ' ਦੀ ਸ਼ੁਰੂਆਤ ਦੇ ਪਹਿਲੇ ਹੀ ਦਿਨ ਅਬੋਹਰ ਵਿਚ ਪ੍ਰਸ਼ਾਸਨਿਕ ਲਾਪਰਵਾਹੀ ਅਤੇ ਢਿੱਲੀ ਕਾਰਗੁਜ਼ਾਰੀ ਸਾਹਮਣੇ ਆਈ ਹੈ | ਸਥਾਨਕ ਵਿਧਾਇਕ ਸੰਦੀਪ ਜਾਖੜ ਨੇ ਇਸ ਮੁਹਿੰਮ ਦੀ ਜ਼ਮੀਨੀ ਹਕੀਕਤ ਨੂੰ ਉਜਾਗਰ ਕਰਦਿਆਂ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ | ਵਿਧਾਇਕ ਜਾਖੜ ਨੇ ਸਿੱਧੇ ਤੌਰ 'ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਮਿਸ਼ਨ ਦੀ ਸਫਲਤਾ ਸਿਰਫ਼ ਉਸ ਦੀ ਘੋਸ਼ਣਾ ਕਰਨ, ਪੋਸਟਰਾਂ ਜਾਂ ਸੋਸ਼ਲ ਮੀਡੀਆ 'ਤੇ ਵਾਹ-ਵਾਹੀ ਲੁੱਟਣ ਨਾਲ ਨਹੀਂ, ਬਲਕਿ ਜ਼ਮੀਨੀ ਪੱਧਰ 'ਤੇ ਉਸ ਦੇ ਸਹੀ ਲਾਗੂ ਹੋਣ ਨਾਲ ਤੈਅ ਹੁੰਦੀ ਹੈ | ਵਿਧਾਇਕ ਸੰਦੀਪ ਜਾਖੜ ਨੇ ਦੱਸਿਆ ਕਿ ਅੱਜ ਸਵੇਰੇ 7 ਤੋਂ 8 ਵਜੇ ਦੇ ਵਿਚਕਾਰ, ਜੋ ਕਿ ਸਫ਼ਾਈ ਮੁਹਿੰਮ ਦਾ ਮੁੱਖ ਸਮਾਂ ਸੀ, ਅਬੋਹਰ ਵਿਚ ਸਥਿਤੀ ਬੇਹੱਦ ਨਿਰਾਸ਼ਾਜਨਕ ਰਹੀ | ਮੁਹਿੰਮ ਦੀ ਜ਼ਮੀਨੀ ਹਕੀਕਤ ਜਾਣਨ ਲਈ ਜਦੋਂ ਨਿਰੀਖਣ ਕੀਤਾ ਗਿਆ ਤਾਂ ਮੌਕੇ 'ਤੇ ਨਾ ਤਾਂ ਕੋਈ ਸੀਨੀਅਰ ਅਧਿਕਾਰੀ ਦਿਖਾਈ ਦਿੱਤਾ ਅਤੇ ਨਾ ਹੀ ਸਬੰਧਿਤ ਸੈਨੀਟੇਸ਼ਨ ਅਧਿਕਾਰੀਆਂ ਨੂੰ ਇਸ ਵਿਸ਼ੇਸ਼ ਮੁਹਿੰਮ ਬਾਰੇ ਕੋਈ ਸਪਸ਼ਟ ਦਿਸ਼ਾ-ਨਿਰਦੇਸ਼ ਜਾਂ ਜਾਣਕਾਰੀ ਸੀ | ਅਜਿਹੇ ਵਿਚ ਜਦੋਂ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਅਮਲੇ ਨੂੰ ਹੀ ਯੋਜਨਾ ਦਾ ਪਤਾ ਨਹੀਂ ਹੋਵੇਗਾ, ਤਾਂ ਇਸ ਮਿਸ਼ਨ ਦੇ ਉਮੀਦ ਮੁਤਾਬਿਕ ਨਤੀਜੇ ਕਿਵੇਂ ਹਾਸਲ ਹੋਣਗੇ? ਵਿਧਾਇਕ ਜਾਖੜ ਨੇ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ 'ਮਿਸ਼ਨ ਕਲੀਨ ਪੰਜਾਬ' ਇਕ ਸ਼ਲਾਘਾਯੋਗ ਕਦਮ ਹੈ ਅਤੇ ਉਹ ਖ਼ੁਦ ਇਸ ਦੇ ਪੱਖ ਵਿਚ ਹਨ, ਪਰ ਜੇਕਰ ਸਰਕਾਰ ਸੱਚਮੁੱਚ ਪੰਜਾਬ ਨੂੰ ਸੁੰਦਰ 'ਤੇ ਸਾਫ਼-ਸੁਥਰਾ ਬਣਾਉਣ ਪ੍ਰਤੀ ਗੰਭੀਰ ਹੈ, ਤਾਂ ਉਸ ਨੂੰ ਸਿਰਫ਼ ਕਾਗ਼ਜ਼ੀ ਦਾਅਵੇ ਬੰਦ ਕਰਕੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨੀ ਹੋਵੇਗੀ ਅਤੇ ਮੁਹਿੰਮ ਦੀ ਸਖ਼ਤ ਨਿਗਰਾਨੀ ਯਕੀਨੀ ਬਣਾਉਣੀ ਪਵੇਗੀ | ਉਨ੍ਹਾਂ ਸਪਸ਼ਟ ਕੀਤਾ ਕਿ ਅਬੋਹਰ ਦੀ ਜਨਤਾ ਅਤੇ ਉਹ ਖ਼ੁਦ ਇਸ ਸਕਾਰਾਤਮਿਕ ਕੋਸ਼ਿਸ਼ ਵਿਚ ਸਰਕਾਰ ਨੂੰ ਹਰ ਸੰਭਵ ਸਹਿਯੋਗ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ, ਪਰ ਪ੍ਰਸ਼ਾਸਨ ਨੂੰ ਆਪਣੀ ਸੁਸਤੀ ਛੱਡਣੀ ਪਵੇਗੀ | ਵਿਧਾਇਕ ਜਾਖੜ ਨੇ ਉਮੀਦ ਜਤਾਈ ਕਿ ਸਰਕਾਰ ਇਸ ਮਾਮਲੇ ਦਾ ਸਖ਼ਤ ਨੋਟਿਸ ਲਵੇਗੀ ਅਤੇ ਇਹ ਯਕੀਨੀ ਬਣਾਏਗੀ ਕਿ ਇਹ ਮਿਸ਼ਨ ਸਿਰਫ਼ ਸੋਸ਼ਲ ਮੀਡੀਆ ਦੇ ਇਸ਼ਤਿਹਾਰਾਂ ਤੱਕ ਸੀਮਤ ਨਾ ਰਹਿ ਕੇ ਜ਼ਮੀਨੀ ਪੱਧਰ 'ਤੇ ਇੱਕ ਅਸਲੀ ਬਦਲਾਅ ਦੇ ਰੂਪ ਵਿਚ ਜਨਤਾ ਨੂੰ ਦਿਖਾਈ ਦੇਵੇ |
ਪਿਛਲੀ ਖ਼ਬਰ ਜਲਾਲਾਬਾਦ ਵਾਸੀਆਂ ਨੂੰ ਮਿਲੀ ਵੱਡੀ ਸੌਗ਼ਾਤ, ਤਹਿਸੀਲ ਕੰਪਲੈਕਸ 'ਚ ਬਣੇਗਾ ਨਵਾਂ ਬਲਾਕ-ਵਿਧਾਇਕ ਗੋਲਡੀ ਕੰਬੋਜ ਅਗਲੀ ਖ਼ਬਰ ਜੂਨ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦਸਤਾਰ, ਦੁਮਾਲਾ ਸਿਖਲਾਈ ਕੈਂਪ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।