ਜਲਾਲਾਬਾਦ, 10 ਜੂਨ (ਕਰਨ ਚੁਚਰਾ)-ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਇਕ ਲੜਕੀ ਨੂੰ ਅਗਵਾ ਕਰਨ ਵਾਲੇ 12 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਐੱਚ.ਸੀ.ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਚਿਮਨ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਮੇਘਾਂ ਪੰਜ ਗਰਾਈ ਉਤਾੜ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਲੜਕੇ ਆਕਾਸ਼ਦੀਪ ਦੀ ਕਰੀਬ 7-8 ਮਹੀਨੇ ਪਹਿਲਾਂ ਸੋਨੀਆ ਪੁੱਤਰੀ ਬਲਵੀਰ ਦਾਸ ਨਾਲ ਸੋਸ਼ਲ ਮੀਡੀਆ ਰਾਹੀਂ ਗੱਲਬਾਤ ਹੋਈ ਸੀ ਅਤੇ ਉਨ੍ਹਾਂ ਨੇ ਸਹਿਮਤੀ ਨਾਲ ਵਿਆਹ ਕਰਵਾ ਲਿਆ ਸੀ | 8 ਜੂਨ ਨੂੰ ਸੋਨੀਆ ਆਪਣੀ ਰਿਸ਼ਤੇਦਾਰੀ ਵਿਚ ਜ਼ਰੂਰੀ ਸਮਾਨ ਲੈਣ ਲਈ ਜਲਾਲਾਬਾਦ ਆਈ ਹੋਈ ਸੀ | ਜਦੋਂ ਉਹ ਸਬਜ਼ੀ ਮੰਡੀ ਜਲਾਲਾਬਾਦ ਵਿਚ ਮੌਜੂਦ ਸੀ ਤਾਂ ਉੱਥੇ ਬਲਵੀਰ ਦਾਸ, ਮਨਜੀਤ ਕੌਰ ਪੁੱਤਰੀ ਬਲਵੀਰ ਦਾਸ, ਮਨਪ੍ਰੀਤ ਸਿੰਘ ਪੁੱਤਰ ਬਲਵੀਰ ਦਾਸ, ਗੁਰਮੀਤ ਸਿੰਘ ਅਤੇ ਅੰਗਰੇਜ਼ ਸਿੰਘ ਵਾਸੀ ਪਿੰਡ ਕਾਲਵਾਂ ਸ਼੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪ ਨਗਰ ਅਤੇ 7-8 ਅਣਪਛਾਤੇ ਵਿਅਕਤੀਆਂ ਵਲੋਂ ਉਸ ਦੇ ਲੜਕੇ ਦੀ ਪਤਨੀ ਸੋਨੀਆ ਨੂੰ ਧੱਕੇ ਨਾਲ ਗੱਡੀ ਵਿਚੋਂ ਕੱਢ ਕੇ ਅਗਵਾ ਕਰ ਲਿਆ ਗਿਆ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |