ਫ਼ਾਜ਼ਿਲਕਾ, 10 ਜੂਨ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਸੂਬੇ ਵਿਚੋਂ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ 'ਯੁੱਧ ਨਸ਼ਿਆਂ ਦੇ ਵਿਰੁੱਧ' ਮੁਹਿੰਮ ਚਲਾਈ ਗਈ ਹੈ | ਇਸ ਮੁਹਿੰਮ ਨੂੰ ਹੋਰ ਮਜ਼ਬੂਤੀ ਦੇਣ ਅਤੇ ਪਿੰਡ ਪੱਧਰ 'ਤੇ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਫ਼ਾਜ਼ਿਲਕਾ-ਫ਼ਿਰੋਜ਼ਪੁਰ ਰੋਡ 'ਤੇ ਸਥਿਤ ਪੈਰਾਡਾਈਜ਼ ਹੋਟਲ ਵਿਖੇ 'ਪਿੰਡਾਂ ਦੇ ਪਹਿਰੇਦਾਰ' ਮੁਹਿੰਮ ਵਿਚ ਅਹਿਮ ਭੂਮਿਕਾ ਨੂੰ ਦਰਸਾਉਣ ਵਾਲਾ ਇਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਐੱਸ.ਡੀ.ਐੱਮ ਫ਼ਾਜ਼ਿਲਕਾ ਜੁਗਰਾਜ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਜੰਗ ਨੂੰ ਹੋਰ ਤੇਜ਼ ਕਰਦਿਆਂ 'ਯੁੱਧ ਨਸ਼ਿਆਂ ਦੇ ਵਿਰੁੱਧ' ਮੁਹਿੰਮ ਦਾ ਦੂਜਾ ਪੜਾਅ ਸ਼ੁਰੂ ਕਰ ਦਿੱਤਾ ਗਿਆ ਹੈ | ਇਸੇ ਮੁਹਿੰਮ ਤਹਿਤ ਫ਼ਾਜ਼ਿਲਕਾ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਵਾਹਨ ਰਵਾਨਾ ਕੀਤੇ ਗਏ ਹਨ | ਇਨ੍ਹਾਂ ਵਾਹਨਾਂ ਰਾਹੀਂ ਪਿੰਡ-ਪਿੰਡ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਦਾ ਸੰਦੇਸ਼ ਪ੍ਰਚਾਰਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਹਨਾਂ 'ਚ ਇਕ ਵਿਸ਼ੇਸ਼ ਬਾਕਸ ਵੀ ਰੱਖਿਆ ਗਿਆ ਹੈ, ਜਿਸ ਵਿਚ ਕੋਈ ਵੀ ਨਾਗਰਿਕ ਨਸ਼ਾ ਤਸਕਰਾਂ ਖ਼ਿਲਾਫ਼ ਆਪਣੀ ਸ਼ਿਕਾਇਤ ਜਾਂ ਕੋਈ ਅਹਿਮ ਸੁਝਾਅ ਪਾ ਸਕਦਾ ਹੈ | ਇਸ ਬਾਕਸ ਰਾਹੀਂ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਅਤੇ ਸੁਝਾਵਾਂ 'ਤੇ ਪ੍ਰਸ਼ਾਸਨ ਵਲੋਂ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਐੱਸ.ਡੀ.ਐੱਮ.ਨੇ ਨਸ਼ਾ ਵਿਰੋਧੀ ਮੁਹਿੰਮ ਵਿਚ ਸਹਿਯੋਗ ਦੇਣ ਲਈ ਪੁਲਿਸ ਪ੍ਰਸ਼ਾਸਨ, ਪਿੰਡਾਂ ਦੀਆਂ ਪੰਚਾਇਤਾਂ, ਡਿਫੈਂਸ ਕਮੇਟੀਆਂ ਅਤੇ ਆਮ ਲੋਕਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਐੱਸ.ਡੀ.ਐੱਮ.ਜੁਗਰਾਜ ਸਿੰਘ ਨੇ ਅੱਗੇ ਕਿਹਾ ਕਿ ਇਸ ਨਸ਼ਾ ਮੁਕਤੀ ਯਾਤਰਾ ਦੇ ਤਹਿਤ ਵਾਹਨ ਰਵਾਨਾ ਕਰਨ ਦਾ ਮੁੱਖ ਮਕਸਦ ਸਮਾਜ ਦੇ ਸਾਰੇ ਵਰਗਾਂ ਦੇ ਸਹਿਯੋਗ ਨਾਲ ਨਸ਼ਿਆਂ ਦਾ ਮੁਕੰਮਲ ਖ਼ਾਤਮਾ ਕਰਨਾ ਹੈ | ਹਰ ਪਿੰਡ ਅਤੇ ਹਰ ਗਲੀ ਨੂੰ ਨਸ਼ਾ ਮੁਕਤ ਕਰਨਾ ਮਾਨ ਸਰਕਾਰ ਦੀ ਮੁੱਖ ਤਰਜੀਹ ਹੈ | ਉਨ੍ਹਾਂ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਜਿੱਥੇ ਇੱਕ ਪਾਸੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਕੇ ਸੂਬੇ ਵਿਚੋਂ ਨਸ਼ਿਆਂ ਦੀ ਸਪਲਾਈ ਲਾਈਨ ਤੋੜ ਰਹੀ ਹੈ, ਉੱਥੇ ਹੀ ਦੂਜੇ ਪਾਸੇ ਨਸ਼ਿਆਂ ਦੀ ਗਿ੍ਫ਼ਤ ਰਸਤੇ ਭਟਕ ਚੁੱਕੇ ਨੌਜਵਾਨਾਂ ਦਾ ਨਸ਼ਾ ਛੁਡਵਾ ਕੇ ਉਨ੍ਹਾਂ ਨੂੰ ਮੁੜ ਆਪਣੇ ਪੈਰਾਂ 'ਤੇ ਖੜ੍ਹਾ ਕਰ ਰਹੀ ਹੈ, ਤਾਂ ਜੋ ਉਹ ਸਮਾਜ ਵਿਚ ਇੱਕ ਬਿਹਤਰ ਅਤੇ ਸਨਮਾਨਜਨਕ ਜ਼ਿੰਦਗੀ ਬਤੀਤ ਕਰ ਸਕਣ | ਇਸ ਉਦਘਾਟਨੀ ਸਮਾਰੋਹ ਦੌਰਾਨ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ, ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਅਤੇ ਇਸ ਮੁਹਿੰਮ ਨਾਲ ਜੁੜੇ ਹੋਰ ਸਮਾਜ ਸੇਵੀ ਮੈਂਬਰ ਤੇ ਪਤਵੰਤੇ ਸੱਜਣ ਵੱਡੀ ਗਿਣਤੀ ਵਿਚ ਹਾਜ਼ਰ ਸਨ |