ਅਬੋਹਰ, 10 ਜੂਨ (ਵਿਵੇਕ ਹੂੜੀਆ)-ਅਬੋਹਰ ਦੀ ਪ੍ਰਸਿੱਧ ਧਾਰਮਿਕ ਸੰਸਥਾ 'ਜੈ ਮਾਤਾ ਚਿੰਤਪੁਰਨੀ ਸਾਈਕਲ ਯਾਤਰਾ ਸੰਘ' ਵਲੋਂ ਹਿਮਾਚਲ ਪ੍ਰਦੇਸ਼ ਸਥਿਤ ਮਾਤਾ ਚਿੰਤਪੁਰਨੀ ਦਰਬਾਰ ਵਿਖੇ ਆਯੋਜਿਤ ਕੀਤੇ ਜਾਣ ਵਾਲੇ ਚਾਰ ਰੋਜ਼ਾ 23ਵੇਂ ਸਾਲਾਨਾ ਭੰਡਾਰੇ ਦੀ ਸਮਗਰੀ ਦਾ ਟਰੱਕ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ | ਇਹ ਟਰੱਕ ਸੰਸਥਾ ਦੇ ਪ੍ਰਧਾਨ ਸੰਜੀਵ ਗਿਲਹੋਤਰਾ ਦੀ ਅਗਵਾਈ ਹੇਠ ਸ਼ਰਧਾਲੂਆਂ ਅਤੇ ਸੇਵਾਦਾਰਾਂ ਦੀ ਵੱਡੀ ਹਾਜ਼ਰੀ ਵਿਚ ਰਵਾਨਾ ਹੋਇਆ | ਸੰਸਥਾ ਦੇ ਪ੍ਰਧਾਨ ਸੰਜੀਵ ਗਿਲਹੋਤਰਾ ਅਤੇ ਪ੍ਰੈੱਸ ਸਕੱਤਰ ਪ੍ਰਵੀਨ ਜੁਨੇਜਾ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਗਰ ਸਮਗਰੀ ਦਾ ਟਰੱਕ ਰਵਾਨਾ ਕਰਨ ਤੋਂ ਪਹਿਲਾਂ ਸ਼ਾਮੀਂ ਕਰੀਬ 4:15 ਵਜੇ ਸਥਾਨਕ ਅਨਾਜ ਮੰਡੀ ਵਿਖੇ ਵਿਸ਼ੇਸ਼ ਪੂਜਾ ਅਰਚਨਾ ਕਰਵਾਈ ਗਈ | ਇਸ ਦੌਰਾਨ ਪੰਡਿਤ ਪ੍ਰਦੀਪ ਸ਼ਰਮਾ ਨੇ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਵਿਧੀ-ਵਿਧਾਨ ਪੂਰਵਕ ਪੂਜਾ ਸੰਪੰਨ ਕਰਵਾਈ | ਇਸ ਉਪਰੰਤ ਸੇਵਾਦਾਰਾਂ ਨੇ ਨਾਰੀਅਲ ਫੋੜ ਕੇ ਅਤੇ ਜੈਕਾਰਿਆਂ ਦੀ ਗੂੰਜ ਵਿਚ ਟਰੱਕ ਨੂੰ ਹਰੀ ਝੰਡੀ ਦਿਖਾਈ | ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚਿੰਤਪੁਰਨੀ ਦਰਬਾਰ ਵਿਖੇ ਸਥਿਤ ਸੰਤੋਸ਼ ਹੋਟਲ ਵਿਚ ਸਾਲਾਨਾ ਭੰਡਾਰੇ ਦੌਰਾਨ 11 ਜੂਨ ਤੋਂ 14 ਜੂਨ ਤੱਕ ਅਤੁੱਟ ਲੰਗਰ ਲਗਾਇਆ ਜਾ ਰਿਹਾ ਹੈ | ਇਸ ਚਾਰ ਰੋਜ਼ਾ ਲੰਗਰ ਦੌਰਾਨ ਸ਼ਰਧਾਲੂਆਂ ਲਈ ਹਰ ਰੋਜ਼ ਚਾਹ-ਨਾਸ਼ਤੇ ਅਤੇ ਦੋਵੇਂ ਵਕਤ ਦੇ ਸ਼ੁੱਧ ਭੋਜਨ ਦੇ ਨਾਲ-ਨਾਲ ਮੁਫ਼ਤ ਮੈਡੀਕਲ ਸੇਵਾਵਾਂ ਵੀ ਉਪਲਬਧ ਕਰਵਾਈਆਂ ਜਾਣਗੀਆਂ | ਲੰਗਰ ਦੀ ਸਮਗਰੀ ਦਾ ਟਰੱਕ ਰਵਾਨਾ ਕਰਨ ਸਮੇਂ ਸਤਪਾਲ ਗਿਲਹੋਤਰਾ, ਸ਼ੀਲਾ ਵਧਵਾ, ਆਸ਼ੀਸ਼ ਵਰਮਾ, ਰਜਤ ਮਿੱਢਾ, ਸੁਜਾਵਲ ਗਿਲਹੋਤਰਾ, ਕਾਲੀ ਕੁੱਕੜ, ਸੁਨੀਲ ਸੋਨੀ, ਹਨੀ ਵਰਮਾ, ਵਰੁਨ ਬਾਵਾ, ਅਵਿਨਾਸ਼ ਸੇਠੀ, ਅਸ਼ੋਕ ਛਾਬੜਾ, ਸਨੀ ਕੁੱਕੜ, ਬੰਟੀ ਗਵਰ, ਪ੍ਰਵੀਨ ਵਧਵਾ, ਮੁਨਾ ਹਲਵਾਈ, ਸੁਨੀਲ ਸ਼ਰਮਾ, ਪ੍ਰਵੇਸ਼ ਅਰੋੜਾ ਅਤੇ ਰਾਕੇਸ਼ ਮਦਾਨ ਸਮੇਤ ਵੱਡੀ ਗਿਣਤੀ ਵਿਚ ਸੰਸਥਾ ਦੇ ਸੇਵਾਦਾਰ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਮੌਜੂਦ ਸਨ |