ਜਲਾਲਾਬਾਦ, 27 ਜੁਲਾਈ (ਦਵਿੰਦਰ ਪਾਲ ਸਿੰਘ/ਕਰਨ ਚੁਚਰਾ)-ਜਲਾਲਾਬਾਦ ਨਗਰ ਕੌਂਸਲ ਦੀਆਂ ਹੋਈਆਂ ਚੋਣਾਂ ਤੋਂ ਬਾਅਦ ਨਗਰ ਕੌਂਸਲ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਨਗਰ ਕੌਂਸਲ ਵਿਖੇ ਐੱਸ.ਡੀ.ਐਮ.ਜਲਾਲਾਬਾਦ ਕੰਵਰਜੀਤ ਸਿੰਘ ਦੀ ਅਗਵਾਈ ਹੇਠ ਹੋਈ। ਨਗਰ ਕੌਂਸਲ ਚੋਣਾਂ ਵਿਚ ਸ਼ਹਿਰ ਦੇ ਕੁੱਲ 17 ਵਾਰਡਾਂ ਵਿਚੋਂ ਆਮ ਆਦਮੀ ਪਾਰਟੀ ਦੇ 12 ਕੌਂਸਲਰ ਜਿੱਤੇ ਸਨ। ਕਾਂਗਰਸ ਪਾਰਟੀ ਦੇ 4 ਅਤੇ ਅਕਾਲੀ ਦਲ ਦਾ 1 ਉਮੀਦਵਾਰ ਜੇਤੂ ਰਿਹਾ ਸੀ। ਨਗਰ ਕੌਂਸਲ ਦੇ ਨਵੇਂ ਬੋਰਡ ਦੀ ਚੋਣ ਸਰਕਾਰ ਵਲੋਂ 27 ਜੁਲਾਈ ਨੂੰ ਰੱਖੀ ਗਈ ਸੀ। ਇਸ ਮੀਟਿੰਗ ਵਿਚ ਆਮ ਆਦਮੀ ਪਾਰਟੀ ਦੇ 12 ਮੈਂਬਰਾਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰ ਵੀ ਹਾਜ਼ਰ ਹੋਏ। ਮੀਟਿੰਗ ਵਿਚ ਹਾਜ਼ਰ ਸ਼ਹਿਰ ਦੇ ਸਾਰੇ ਕੌਂਸਲਰਾਂ ਨੂੰ ਪਹਿਲਾ ਸਹੁੰ ਚੁਕਵਾਈ ਗਈ। ਪ੍ਰਧਾਨ ਦੀ ਚੋਣ ਲਈ ਕੌਂਸਲਰ ਹਰੀਸ਼ ਸੇਤੀਆ ਨੇ ਅੰਕੁਸ਼ ਮੁਟਨੇਜਾ ਦਾ ਨਾਮ ਪੇਸ਼ ਕੀਤਾ। ਅੱਗੋਂ ਹੋਰ ਕਿਸੇ ਕੌਂਸਲਰ ਦਾ ਨਾਂਅ ਪੇਸ਼ ਨਾ ਹੋਣ ’ਤੇ ਅੰਕੁਸ਼ ਮੁਟਨੇਜਾ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ। ਇਸ ਤੋਂ ਇਲਾਵਾ ਰਾਜੀਵ ਕੁਮਾਰ ਨੂੰ ਸੀਨੀਅਰ ਵਾਈਸ ਪ੍ਰਧਾਨ, ਸੁਰਿੰਦਰ ਕੁਮਾਰ ਘੋਗਾ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ ਹੈ। ਇਸ ਮੌਕੇ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਉਨ੍ਹਾਂ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਲਾਲਾਬਾਦ ਦੇ ਲੋਕਾਂ ਨੇ 12 ਆਮ ਆਦਮੀ ਪਾਰਟੀ ਦੇ ਕੌਂਸਲਰ ਜਿਤਾ ਕੇ ਸਾਡੇ ’ਤੇ ਜੋ ਜ਼ਿੰਮੇਵਾਰੀ ਸ਼ਹਿਰ ਦੇ ਵਿਕਾਸ ਦੀ ਪਾਈ ਹੈ ਉਸ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਵਿਧਾਇਕ ਗੋਲਡੀ ਕੰਬੋਜ ਨੇ ਕਿਹਾ ਕਿ ਜਲਾਲਾਬਾਦ ਦੇ ਸਰਵਪੱਖੀ ਵਿਕਾਸ ਲਈ ਨਗਰ ਕੌਂਸਲ ਅਤੇ ਪੰਜਾਬ ਸਰਕਾਰ ਮਿਲ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ ਹੀ ਆਮ ਆਦਮੀ ਪਾਰਟੀ ਦੀ ਪਹਿਲੀ ਤਰਜੀਹ ਹੈ। ਵਿਧਾਇਕ ਗੋਲਡੀ ਕੰਬੋਜ ਨੇ ਕਿਹਾ ਕਿ ਜਲਾਲਾਬਾਦ ਦੇ ਇਤਿਹਾਸ ਵਿਚ ਪਹਿਲੀ ਵਾਰ ਇਤਨਾ ਸ਼ਾਨਦਾਰ ਅਤੇ ਸ਼ਾਂਤੀਪੂਰਨ ਇਲੈੱਕਸ਼ਨ ਹੋਇਆ ਹੈ। ਜਿਸ ਵਿਚ ਆਮ ਆਦਮੀ ਪਾਰਟੀ ਦੇ ਹੱਕ ਵਿਚ ਜਲਾਲਾਬਾਦ ਵਾਸੀਆਂ ਨੇ ਫ਼ਤਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਲਾਲਾਬਾਦ ਵਾਸੀਆਂ ਵਲੋਂ ਦਿੱਤੇ ਗਏ ਇਸ ਫ਼ਤਵੇ ਦਾ ਪੂਰਾ ਮਾਣ ਕੀਤਾ ਜਾਵੇਗਾ ਅਤੇ ਜਲਾਲਾਬਾਦ ਦੇ ਰੁਕੇ ਹੋਏ ਵਿਕਾਸ ਕਾਰਜ ਹੋਣ ਦੂਣੀ ਤੇਜ਼ੀ ਨਾਲ ਅੱਗੇ ਵਧਣਗੇ ਅਤੇ ਜਲਾਲਾਬਾਦ ਨੂੰ ਇਕ ਮਾਡਲ ਹਲਕੇ ਵਜੋਂ ਵਿਕਸਿਤ ਕੀਤਾ ਜਾਵੇਗਾ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਅੰਕੁਸ਼ ਮੁਟਨੇਜਾ ਨੇ ਵਿਧਾਇਕ ਗੋਲਡੀ ਕੰਬੋਜ ਅਤੇ ਕੌਂਸਲਰ ਮੈਂਬਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਜਲਾਲਾਬਾਦ ਦੇ ਸੇਵਾਦਾਰ ਨੂੰ ਨਗਰ ਕੌਂਸਲ ਦੀ ਪ੍ਰਧਾਨਗੀ ਦੇ ਕੇ ਸ਼ਹਿਰ ਦੇ ਵਿਕਾਸ ਦੀ ਜ਼ਿੰਮੇਵਾਰੀ ਦਿੱਤੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਯਕੀਨ ਦਵਾਇਆ ਕਿ ਉਹ ਹਰ ਇਕ ਦੇ ਦੁੱਖ ਸੁੱਖ ਵਿਚ ਖੜ੍ਹੇ ਹਨ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਦੇਵਰਾਜ ਸ਼ਰਮਾ, ਸੋਨੂੰ ਧਮੀਜਾ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਜੱਜ ਦਰਗਨ, ਜਰਨੈਲ ਸਿੰਘ ਮੁਖੀਜਾ, ਸੋਨੂੰ ਲੱਖੋ ਕੀ, ਮਨਦੀਪ ਸਿੰਘ ਬਰਾੜ ਚੇਅਰਮੈਨ ਲੈਂਡ ਮਾਰਗੇਜ਼ ਬੈਂਕ, ਸੁਨੀਲ ਰੰਗਬੁੱਲਾ ਐਡਵੋਕੇਟ, ਸੁਸ਼ੀਲ ਕੁੱਕੜ ਐਡਵੋਕੇਟ, ਪ੍ਰਭਦਿਆਲ ਐਡਵੋਕੇਟ, ਅਮਨਦੀਪ ਸਿੰਘ ਮੁਖ਼ੀਜਾ, ਲਾਡੀ ਵਾਰਵਲ, ਸ਼ਾਮ ਸੁੰਦਰ ਮੈਣੀ, ਵਰਿੰਦਰ ਸਿੰਘ ਕੰਬੋਜ ਸਰਪੰਚ, ਗੌਰਵ ਦੂਮੜਾ, ਕਮਲ ਨਾਰੰਗ, ਲਾਡੀ ਕੰਧਾਰੀ, ਲਵ ਮੁਟਨੇਜਾ, ਰਾਜਿੰਦਰ ਚੁੱਘ ਪ੍ਰਧਾਨ ਪੈਸਟੀਸਾਈਡ ਐਸੋਸੀਏਸ਼ਨ ਆਦਿ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।