ਅੰਮਿ੍ਤਸਰ, 12 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਵਲੋਂ ਟੀ-20 ਵਿਸ਼ਵ ਕੱਪ 2026 'ਚ ਭਾਰਤ ਵਿਰੁੱਧ ਗਰੁੱਪ ਮੈਚ ਦਾ ਬਾਈਕਾਟ ਕਰਨ ਦਾ ਐਲਾਨ ਕਰਨ ਉਪਰੰਤ ਅਚਾਨਕ ਯੂ-ਟਰਨ ਲਏ ਜਾਣ 'ਤੇ ਸਾਬਕਾ ਪਾਕਿਸਤਾਨੀ ਹਿੰਦੂ ਕਿ੍ਕਟਰ ਦਾਨਿਸ਼ ਕਨੇਰੀਆ ਨੇ ਆਪਣੀ ਟੀਮ ਦਾ ਮਜ਼ਾਕ ਉਡਾਇਆ ਹੈ | ਉਸ ਨੇ ਕਿਹਾ ਕਿ ਕਿ੍ਕਟ 'ਚ ਸਪਿਨ ਮਾਹਿਰ ਅਤੇ ਬੱਲੇਬਾਜ਼ੀ ਮਾਹਿਰ ਹੁੰਦੇ ਹਨ | ਜਦਕਿ ਪਾਕਿ 'ਯੂ-ਟਰਨ ਮਾਹਿਰ' ਹੈ | ਦੱਸਣਯੋਗ ਹੈ ਕਿ ਬਾਈਕਾਟ ਦੇ ਐਲਾਨ ਤੋਂ ਬਾਅਦ ਕੌਮਾਂਤਰੀ ਕਿ੍ਕਟ ਪ੍ਰੀਸ਼ਦ (ਆਈ. ਸੀ. ਸੀ.) ਅਤੇ ਬੰਗਲਾਦੇਸ਼ ਕਿ੍ਕਟ ਬੋਰਡ (ਬੀ. ਸੀ. ਬੀ.) ਦੇ ਅਧਿਕਾਰੀਆਂ ਨਾਲ ਬੈਠਕਾਂ ਉਪਰੰਤ ਪਾਕਿ ਸਰਕਾਰ ਨੇ ਆਪਣੀ ਨੈਸ਼ਨਲ ਟੀਮ ਨੂੰ 15 ਫਰਵਰੀ ਨੂੰ ਭਾਰਤ ਨਾਲ ਮੈਚ ਖੇਡਣ ਦਾ ਨਿਰਦੇਸ਼ ਦਿੱਤਾ ਹੈ | ਕਨੇਰੀਆ ਮੁਤਾਬਿਕ ਉਸ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਪਾਕਿਸਤਾਨ ਕਿ੍ਕਟ ਬੋਰਡ ਦਾ ਇਹ ਡਰਾਮਾ ਨਹੀਂ ਰੁਕੇਗਾ ਅਤੇ ਉਹ ਯੂ-ਟਰਨ ਲਵੇਗਾ ਕਿਉਂਕਿ ਉਹ ਇਸ 'ਚ ਮਾਹਿਰ ਹੈ | ਉਸ ਨੇ ਕਿਹਾ ਕਿ ਦੁਨੀਆ ਪਾਕਿਸਤਾਨ 'ਤੇ ਹੱਸ ਰਹੀ ਹੈ ਕਿ ਇਹ ਹਰ ਪਲ ਆਪਣੇ ਬਿਆਨ ਅਤੇ ਫ਼ੈਸਲੇ ਬਦਲਦਾ ਹੈ | ਉਸ ਨੇ ਪਾਕਿ ਦੇ ਬਾਈਕਾਟ ਦੇ ਫ਼ੈਸਲੇ ਦੇ ਤਰਕ 'ਤੇ ਵੀ ਸਵਾਲ ਉਠਾਏ ਅਤੇ ਕਿਹਾ ਕਿ ਅਚਾਨਕ ਖੇਡ ਦੇ ਬਾਈਕਾਟ ਦਾ ਐਲਾਨ ਕਰਨ ਦਾ ਕੋਈ ਮਤਲਬ ਨਹੀਂ ਸੀ | ਬੰਗਲਾਦੇਸ਼ ਨੇ ਪਾਕਿਸਤਾਨ ਕਿ੍ਕਟ ਲਈ ਕੀ ਕੀਤਾ ਹੈ? ਬੰਗਲਾਦੇਸ਼ ਨੇ ਜੋ ਕੀਤਾ ਉਹ ਉਨ੍ਹਾਂ ਅਤੇ ਆਈ. ਸੀ. ਸੀ. ਦੇ ਵਿਚਕਾਰ ਦਾ ਮਾਮਲਾ ਸੀ | ਕਨੇਰੀਆ ਨੇ ਆਪਣੀ ਟੀਮ ਲਈ ਕਿਹਾ ਕਿ ਜੇ ਤੁਸੀਂ ਕੋਈ ਫ਼ੈਸਲਾ ਲੈ ਰਹੇ ਹੋ ਤਾਂ ਉਸ 'ਤੇ ਡਟੇ ਤਾਂ ਰਹੋ | ਉਸ ਨੇ ਕਿਹਾ ਕਿ ਟੀ-20 ਵਿਸ਼ਵ ਕੱਪ 2026 ਨੂੰ ਲੈ ਕੇ ਜੋ ਕੁਝ ਪਾਕਿ 'ਚ ਹੋਇਆ ਹੈ, ਉਸ ਨੂੰ ਵੇਖਦੇ ਹੋਏ ਇਹ ਸਪੱਸ਼ਟ ਹੈ ਕਿ ਰਾਜਨੀਤੀ ਅਤੇ ਕਿ੍ਕਟ ਸਪੱਸ਼ਟ ਤੌਰ 'ਤੇ ਰਲ ਗਏ ਹਨ |