ਅੰਮਿ੍ਤਸਰ, 12 ਫ਼ਰਵਰੀ (ਹਰਮਿੰਦਰ ਸਿੰਘ)-ਅੰਮਿ੍ਤਸਰ ਸ਼ਹਿਰ ਇਤਿਹਾਸਕ ਅਤੇ ਧਾਰਮਿਕ ਨਗਰੀ ਹੈ | ਇੱਥੇ ਹਰ ਰੋਜ਼ ਲੱਖਾਂ ਦੀ ਗਿਣਤੀ 'ਚ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਅਤੇ ਸੈਲਾਨੀ ਆਉਂਦੇ ਹਨ | ਇਸ ਦੀ ਇਤਿਹਾਸਕ ਅਤੇ ਧਾਰਮਿਕਤਾ ਨੂੰ ਧਿਆਨ 'ਚ ਰੱਖਦੇ ਹੋਏ ਦੇਸ਼ ਦੇ ਸਮਾਰਟ ਸਿਟੀ ਦੀ ਸੂਚੀ ਵਾਲੇ ਸ਼ਹਿਰਾਂ ਵਿਚ ਇਸ ਨਗਰੀ ਨੂੰ ਸ਼ਾਮਲ ਕੀਤਾ ਗਿਆ ਹੈ | ਪਰ ਅਜੇ ਤੱਕ ਇਹ ਸ਼ਹਿਰ 'ਸਮਾਰਟ' ਨਹੀਂ ਬਣ ਸਕਿਆ | ਇਨ੍ਹਾਂ ਸੜਕਾਂ ਦੀ ਹਾਲਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਹਾਲਤ ਬਹੁਤ ਮੰਦੀ ਹੈ | ਸੜਕਾਂ 'ਤੇ ਵੱਡੇ ਵੱਡੇ ਟੋਏ ਪਏ ਹਨ |ਸ਼ਹਿਰ 'ਚ ਕਦਮ ਰੱਖਦਿਆਂ ਹੀ ਬੱਸ ਅੱਡੇ ਦੇ ਬਾਹਰ ਸੜਕ ਦੀ ਹਾਲਤ ਖਸਤਾ ਮਿਲਦੀ ਹੈ | ਹੁਸੈਨਪੁਰਾ ਚੌਕ ਤੋਂ ਲੈ ਕੇ ਰਾਮ ਤਲਾਈ ਚੌਕ ਤੱਕ ਸੜਕ ਦੇ ਵਿਚਕਾਰ ਵੱਡੇ ਵੱਡੇ ਟੋਏ ਪਏ ਹਨ ਅਤੇ ਸੜਕ 'ਤੇ ਬਜਰੀ ਮੱਕੀ ਦੇ ਦਾਣਿਆਂ ਵਾਂਗ ਖਿੱਲਰੀ ਪਈ ਹੈ, ਜੋ ਨਿੱਤ ਹਾਦਸਿਆਂ ਦਾ ਸਬੱਬ ਬਣਦੀ ਹੈ | ਬਜਰੀ ਤੋਂ ਤਿਲਕ ਕੇ ਅਕਸਰ ਹੀ ਦੋ ਪਹੀਆ ਵਾਹਨ ਚਾਲਕ ਡਿਗਦੇ ਹਨ ਅਤੇ ਸੱਟਾਂ ਲਗਵਾਉਂਦੇ ਹਨ | ਇਸੇ ਤਰ੍ਹਾਂ ਸੁਲਤਾਨਵਿੰਡ ਰੋਡ, ਬਟਾਲਾ ਰੋਡ, ਹਵਾਈ ਅੱਡਾ ਸਰਵਿਸ ਲਾਈਨ ਸੜਕ ਦੀ ਹਾਲਤ ਵੀ ਮੰਦੀ ਹੈ | ਇਨ੍ਹਾਂ ਸੜਕਾਂ 'ਤੇ ਵੀ ਜਗ੍ਹਾ ਜਗ੍ਹਾ 'ਤੇ ਟੋਏ ਪਏ ਹਨ | ਇਨ੍ਹਾਂ ਸੜਕਾਂ ਦੀ ਮੰਦੀ ਹਾਲਤ ਕਰਨ 'ਚ ਨਹਿਰੀ ਪਾਣੀ ਪ੍ਰੋਜੈਕਟ ਤਹਿਤ ਪਾਈਆਂ ਜਾਣ ਵਾਲੀਆਂ ਪਾਈਪਾਂ ਲਈ ਕੀਤੀ ਗਈ ਪੁਟਾਈ ਵੀ ਵਧੇਰੇ ਜ਼ਿੰਮੇਵਾਰ ਹੈ | ਅਜਨਾਲਾ ਰੋਡ ਸਮੇਤ ਸ਼ਹਿਰ ਦੇ ਬਹੁਤ ਸਾਰੇ ਇਲਾਕਿਆਂ 'ਚ ਐੱਲ. ਐਂਡ. ਟੀ. ਕੰਪਨੀ ਵਲੋਂ ਨਹਿਰੀ ਪਾਣੀ ਦੀਆਂ ਪਾਈਪਾਂ ਪਾਈਆਂ ਸਨ ਜਿਸ ਦੇ ਲਈ ਸੜਕਾਂ ਦੀ ਪੁਟਾਈ ਕੀਤੀ ਗਈ ਸੀ | ਇਕਰਾਰਨਾਮੇ ਅਨੁਸਾਰ ਜਿਸ ਹਾਲਤ ਵਿਚ ਕੰਪਨੀ ਵਲੋਂ ਸੜਕ ਦੀ ਪੁਟਾਈ ਕੀਤੀ ਜਾਣੀ ਹੈ ਅਤੇ ਉਸ ਹਾਲਤ ਵਿਚ ਹੀ ਉਸ ਨੂੰ ਬਣਾ ਕੇ ਦੇਣਾ ਹੈ ਪਰ ਸੜਕ ਦੀ ਪੁਟਾਈ ਕੀਤੀ ਗਈ ਹੈ ਅਤੇ ਪਾਇਪਾਂ ਪਾਇਆਂ ਨੂੰ ਵੀ ਸਾਲ ਹੋਣ ਜਾ ਰਿਹਾ ਪਰ ਉਸ ਦੇ ਉੱਪਰ ਸੜਕ ਨਹੀਂ ਬਣਾਈ ਗਈ ਜਿਸ ਕਾਰਨ ਸੜਕ ਦੇ ਵਿਚਕਾਰ ਟੋਏ ਪਏ ਹਨ ਜੋ ਨਿੱਤ ਹਾਦਸਿਆਂ ਦਾ ਕਾਰਨ ਬਣਦੇ ਹਨ | ਨਗਰ ਨਿਗਮ ਪ੍ਰਸ਼ਾਸਨ ਵਲੋਂ ਸਮੇਂ ਸਮੇਂ ਕੰਪਨੀ ਦੇ ਅਧਿਕਾਰੀਆਂ ਨਾਲ ਬੈਠਕਾਂ ਕਰਕੇ ਉਨ੍ਹਾਂ ਅਜਿਹੀਆਂ ਸੜਕਾਂ ਦੀ ਮੁਰੰਮਤ ਨਾਲ ਹੀ ਕਰਨ ਦੀ ਹਦਾਇਤਾਂ ਕੀਤੀਆਂ ਗਈਆਂ ਪਰ 'ਪਰਨਾਲਾ ਉੱਥੇ ਦਾ ਉੱਥੇ ਹੈ' ਜਿਸ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ | ਇਸ ਤੋਂ ਇਲਾਵਾ ਸ਼ਹਿਰ ਦੀਆਂ ਬਹੁਤ ਸਾਰੀਆਂ ਸੜਕਾਂ ਦੀ ਮਿਆਦ ਪੂਰੀ ਹੋਣ ਕਰਕੇ ਟੁੱਟ ਗਈਆਂ ਹਨ ਪਰ ਉਨ੍ਹਾਂ ਦੀ ਮੁਰੰਮਤ ਨਹੀਂ ਹੋਈ ਜਿਸ ਕਾਰਨ ਸੜਕਾਂ ਦੀ ਹਾਲਤ ਮੰਦੀ ਹੁੰਦੀ ਜਾ ਰਹੀ ਹੈ | ਸਰਦੀ ਦੌਰਾਨ ਲੁੱਕ ਪਲਾਂਟ ਬੰਦ ਹੋਣ ਕਰਕੇ ਨਵੀਆਂ ਸੜਕਾਂ ਬਣਾਉਣ ਦੇ ਲਈ ਤਾਪਮਾਨ ਅਨੁਕੂਲ ਨਾ ਹੋਣ ਕਰਕੇ ਅਜੇ ਇਹ ਕੰਮ ਹੋਰ ਪਛੜ ਸਕਦਾ ਹੈ | ਇਸ ਸਬੰਧ ਵਿਚ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਸੜਕਾਂ ਬਣਾਉਣ ਲਈ 80 ਕਰੋੜ ਦੇ ਕੰਮ ਪਾਸ ਹੋਏ ਪਏ ਪਰ ਸਰਦੀ ਦੌਰਾਨ ਲੁੱਕ ਪਲਾਂਟ ਬੰਦ ਹੋਣ ਕਰਕੇ ਇਹ ਕੰਮ ਰੁਕੇ ਪਏ ਹਨ | ਉਨ੍ਹਾਂ ਦੱਸਿਆ ਕਿ ਮਾਰਚ ਦੇ ਪਹਿਲੇ ਹਫ਼ਤੇ ਵਿਚ ਲੁੱਕ ਪਲਾਂਟ ਸ਼ੁਰੂ ਹੋਣ ਤੋਂ ਬਾਅਦ ਸੜਕਾਂ ਦਾ ਨਿਰਮਾਣ ਕਾਰਜ ਸ਼ੁਰੂ ਹੋ ਜਾਵੇਗਾ | ਉਨ੍ਹਾਂ ਕਿਹਾ ਕਿ 31 ਮਾਰਚ ਤੱਕ ਸ਼ਹਿਰ 'ਚ ਸੜਕਾਂ ਦਾ ਬਹੁਤ ਸਾਰਾ ਹਿੱਸਾ ਮੁਕੰਮਲ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਦੀਆਂ ਪਾਈਪਾਂ ਪਾਉਣ ਵਾਲੀ ਐੱਲ ਐਂਡ ਟੀ ਕੰਪਨੀ ਦੇ ਅਧਿਕਾਰੀਆਂ ਨਾਲ ਲਗਾਤਾਰ ਬੈਠਕਾਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਥਾਵਾਂ 'ਤੇ ਪਾਈਪਾਂ ਪਾਉਣ ਲਈ ਸੜਕਾਂ ਦੀ ਪੁਟਾਈ ਕੀਤੀ ਗਈ ਹੈ ਉਹ ਕੰਮ ਵੀ ਮਾਰਚ ਮਹੀਨੇ 'ਚ ਸ਼ੁਰੂ ਹੋ ਜਾਣਗੇ |