ਅੰਮਿ੍ਤਸਰ, 13 ਫਰਵਰੀ (ਸੁਰਿੰਦਰ ਕੋਛੜ)-ਸ਼ਹਿਰ ਦੇ ਪਾਸ਼ ਇਲਾਕੇ ਰਣਜੀਤ ਐਵੀਨਿਊ 'ਚ ਲੱਖਾਂ ਰੁਪਏ ਦੀ ਲਾਗਤ ਨਾਲ ਜਨਤਕ ਸਹੂਲਤ ਲਈ ਬਣਾਏ ਗਏ ਸਾਈਕਲ ਟਰੈਕ ਦੇ ਨਗਰ ਨਿਗਮ ਦੀ ਲਾਪ੍ਰਵਾਹੀ ਕਾਰਨ ਡੰਪ-ਹਾਊਸ 'ਚ ਤਬਦੀਲ ਹੋਣ ਦਾ ਮੁੱਦਾ 'ਅਜੀਤ' ਵਲੋਂ 'ਰਣਜੀਤ ਐਵੀਨਿਊ ਦਾ ਸਾਈਕਲ ਟਰੈਕ ਬਣਿਆ ਡੰਪ ਹਾਊਸ' ਸਿਰਲੇਖ ਹੇਠ ਪ੍ਰਕਾਸ਼ਿਤ ਕਰਨ ਤੋਂ ਬਾਅਦ ਅੱਜ ਉਕਤ ਟਰੈਕ ਦੇ ਵੱਡੇ ਹਿੱਸੇ ਦੀ ਸਫ਼ਾਈ ਕਰਵਾ ਦਿੱਤੀ ਗਈ | ਸਮਾਜਿਕ ਕਾਰਕੁਨ ਇੰਜ. ਪਵਨ ਸ਼ਰਮਾ ਨੇ ਇਸ ਬਾਰੇ 'ਚ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟਰੈਕ 'ਤੇ ਰੁੱਖਾਂ ਦੇ ਡਿੱਗੇ ਪੱਤੇ ਤੇ ਟਾਹਣੀਆਂ ਅਤੇ ਨਾਲ ਲਗਦੇ ਪਾਰਕਾਂ ਦੀਆਂ ਸੁੱਟੀਆਂ ਗਈਆਂ ਝਾੜੀਆਂ ਅਤੇ ਹਰ ਰੋਜ਼ ਸੁੱਟੇ ਜਾ ਰਹੇ ਗੰਦਗੀ ਦੇ ਢੇਰਾਂ ਕਾਰਨ ਲੋਕ ਇਸ ਸਾਈਕਲ ਟਰੈਕ ਦੀ ਵਰਤੋਂ ਕਰਨਾ ਤਾਂ ਦੂਰ ਰਾਹਗੀਰਾਂ ਦਾ ਇਸ ਦੇ ਨਜ਼ਦੀਕ ਤੋਂ ਲੰਘਣਾ ਵੀ ਮੁਸ਼ਕਿਲ ਹੋ ਗਿਆ ਸੀ | ਟਰੈਕ 'ਤੇ ਲੱਗੇ ਇਨਾਂ ਗੰਦਗੀ ਦੇ ਢੇਰਾਂ ਕਾਰਨ ਸਾਈਕਲ ਸਵਾਰਾਂ ਨੂੰ ਸੜਕ 'ਤੇ ਸਾਈਕਲਿੰਗ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਸੀ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਵੱਧ ਗਿਆ ਸੀ | ਇੰਜ. ਪਵਨ ਸ਼ਰਮਾ ਨੇ ਮੰਗ ਕੀਤੀ ਕਿ ਨਗਰ ਨਿਗਮ ਸਾਈਕਲ ਟਰੈਕ ਵਿਖੇ ਨਿਯਮਤ ਸਫ਼ਾਈ ਯਕੀਨੀ ਬਣਾਏ ਤਾਂ ਜੋ ਟਰੈਕ ਦਾ ਅਸਲ ਉਦੇਸ਼ ਪੂਰਾ ਹੋ ਸਕੇ | ਉਨਾਂ ਨੇ ਕਿਹਾ ਕਿ ਸਾਈਕਲ ਟਰੈਕ ਦੇ ਇਕ ਹਿੱਸੇ 'ਚ ਜਿੱਥੇ ਗੰਦਗੀ ਅਤੇ ਕੂੜਾ ਸੁੱਟਿਆ ਜਾ ਰਿਹਾ ਸੀ, ਉੱਥੇ ਹੀ ਦੂਜੇ ਪਾਸੇ ਦੇ ਹਿੱਸੇ 'ਚ ਟਰੈਕ ਅੰਦਰ ਰੇਹੜੀਆਂ ਲਗਾਈਆਂ ਜਾ ਰਹੀਆਂ ਹਨ | ਦੱਸਿਆ ਜਾ ਰਿਹਾ ਹੈ ਕਿ ਰਣਜੀਤ ਐਵੀਨਿਊ 'ਚ ਉਕਤ 2.53 ਕਿੱਲੋਮੀਟਰ ਲੰਬੇ ਸਾਈਕਲ ਟਰੈਕ ਨੂੰ ਸਾਲ 2017 'ਚ ਸ਼ੁਰੂ ਕੀਤਾ ਗਿਆ ਅਤੇ ਇਸ 'ਤੇ 1.93 ਕਰੋੜ ਦੀ ਲਾਗਤ ਆਈ ਸੀ | ਇਹ ਟਰੈਕ ਐੱਮ. ਕੇ. ਹੋਟਲ ਟੀ-ਪੁਆਇੰਟ ਤੋਂ ਸ਼ੁਰੂ ਹੁੰਦਾ ਹੈ ਅਤੇ ਰਣਜੀਤ ਐਵੀਨਿਊ ਪੁਲਿਸ ਸਟੇਸ਼ਨ, ਡਿਫੈਂਸ ਕਾਲੋਨੀ ਰੋਡ ਅਤੇ ਬੇਅੰਤ ਪਾਰਕ ਦੇ ਆਲੇ-ਦੁਆਲੇ ਦੀਆਂ ਗਲੀਆਂ ਨੂੰ ਕਵਰ ਕਰਦਾ ਹੈ |