ਅੰਮਿ੍ਤਸਰ, 13 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਮਹਾਂਸ਼ਿਵਰਾਤਰੀ ਦਾ ਤਿਉਹਾਰ 15 ਫਰਵਰੀ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਸਦੇ ਮੱਦੇਨਜ਼ਰ ਮੰਦਰਾਂ ਅਤੇ ਸ਼ਿਵਾਲਿਆਂ ਨੂੰ ਸਜਾਉਣ ਦਾ ਕੰਮਕਾਜ ਜ਼ੋਰਾਂ 'ਤੇ ਚੱਲ ਰਿਹਾ ਹੈ | ਮਹਾਂਸ਼ਿਵਰਾਤਰੀ ਦੇ ਦਿਨ ਸਵੇਰ ਤੋਂ ਸ਼ਾਮ ਤੱਕ ਵੱਖ-ਵੱਖ ਥਾਵਾਂ 'ਤੇ ਸਮਾਗਮ ਕੀਤੇ ਜਾਣਗੇ ਅਤੇ ਬਜ਼ਾਰਾਂ 'ਚ ਲੰਗਰ ਅਤੁੱਟ ਵਰਤਾਏ ਜਾਣਗੇ | ਜਾਣਕਾਰੀ ਮੁਤਾਬਕ ਮਹਾਂਸ਼ਿਵਰਾਤਰੀ ਦੇ ਤਿਉਹਾਰ ਨੂੰ ਲੈ ਕੇ ਸ਼ਹਿਰ ਦੇ ਸ਼ਿਵਾਲਾ ਬਾਗ ਭਾਈਆਂ 'ਚ ਵੀ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਸ਼ਿਵਾਲਾ ਮੰਦਰ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਜਾ ਰਿਹਾ ਹੈ | ਇਸ ਤੋਂ ਇਲਾਵਾ ਸ੍ਰੀ ਦੁਰਗਿਆਣਾ ਮੰਦਰ, ਮਾਤਾ ਲਾਲ ਦੇਵੀ ਮੰਦਰ ਰਾਣੀ ਕਾ ਬਾਗ, ਮਾਤਾ ਚਿੰਤਪੂਰਨੀ ਮੰਦਰ ਨਮਕ ਮੰਡੀ, ਸ਼ਿਵਾਲਾ ਬੋਹੜ ਵਾਲਾ, ਸ਼ਿਵਾਲਾ ਵੀਰਭਾਨ, ਦਮੂਹੀ ਸ਼ਿਵਾਲਾ, ਸ੍ਰੀ ਗੋਪਾਲ ਮੰਦਰ, ਮਾਤਾ ਲੌਂਗਾ ਵਾਲੀ ਦੇਵੀ, ਟਾਉਨ ਹਾਲ ਸਮੇਤ ਹੋਰ ਮੰਦਰਾਂ 'ਚ ਵੀ ਮਹਾਂਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ |