ਅੰਮਿ੍ਤਸਰ, 15 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਅੰਮਿ੍ਤਸਰ ਦੀਆਂ 50 ਦੇ ਕਰੀਬ ਉਦਯੋਗਿਕ ਵਪਾਰਕ ਐਸੋਸੀਏਸ਼ਨਜ਼ ਦੇ ਪ੍ਰਧਾਨ ਅਤੇ ਸਕੱਤਰ ਸਾਹਿਬਾਨ ਨੇ ਸਾਂਝੇ ਤੌਰ 'ਤੇ ਵਪਾਰ ਮੰਡਲ ਦੀ ਅਗਵਾਈ ਹੇਠ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦਾ ਵਾਈਸ ਚੇਅਰਮੈਨ ਬਣਨ 'ਤੇ ਜਸਕਰਨ ਸਿੰਘ ਬੰਦੇਸ਼ਾ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਅਤੇ ਉੱਘੇ ਕਾਰੋਬਾਰੀ ਪਿਆਰੇ ਲਾਲ ਸੇਠ ਨੇ ਕਿਹਾ ਕਿ ਸਰਕਾਰ ਵਲੋਂ ਬੰਦੇਸ਼ਾ ਨੂੰ ਵੱਡੀ ਜਿੰਮੇਵਾਰੀ ਮਿਲਣ ਨਾਲ ਅੰਮਿ੍ਤਸਰ ਦੇ ਕਾਰੋਬਾਰੀਆਂ 'ਚ ਖੁਸ਼ੀ ਦੀ ਲਹਿਰ ਹੈ ਅਤੇ ਵਪਾਰ ਮੰਡਲ ਸਰਕਾਰ ਦਾ ਧੰਨਵਾਦ ਕਰਦਾ ਹੈ | ਉਨ੍ਹਾਂ ਕਿਹਾ ਕਿ ਵਪਾਰ ਮੰਡਲ ਅਤੇ ਵੱਖ-ਵੱਖ ਕਾਰੋਬਾਰੀ ਐਸੋਸੀਏਸ਼ਨਜ਼ ਨੂੰ ਪੂਰੀ ਆਸ ਹੈ ਕਿ ਬੰਦੇਸ਼ਾ ਅੰਮਿ੍ਤਸਰ ਦੇ ਸਾਰੇ ਫੋਕਲ ਪੁਆਇੰਟਸ ਅਤੇ ਕਾਰੋਬਾਰੀਆਂ ਨਾਲ ਸੰਬੰਧਿਤ ਮਸਲੇ ਸ਼ਿਕਾਇਤਾਂ ਜਲਦ ਹੱਲ ਕਰਨ ਲਈ ਸਰਗਰਮ ਰਹਿਣਗੇ | ਇਸ ਮੌਕੇ ਸਨਅਤਕਾਰਾਂ ਵਪਾਰੀਆਂ ਨੇ ਬੰਦੇਸ਼ਾ ਸਾਹਮਣੇ ਕੁਝ ਮੰਗਾਂ ਵੀ ਰੱਖੀਆਂ ਗਈਆਂ ਜਿਸ 'ਤੇ ਬੋਲਦਿਆਂ ਜਸਕਰਨ ਸਿੰਘ ਬੰਦੇਸ਼ਾ ਨੇ ਕਿਹਾ ਕਿ ਸਨਅਤਕਾਰਾਂ ਨੂੰ ਦਰਪੇਸ਼ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕਰਨੇ ਉਨ੍ਹਾਂ ਦਾ ਮੁੱਢਲਾ ਫਰਜ਼ ਹੈ | ਉਨ੍ਹਾਂ ਕਾਰੋਬਾਰੀ ਐਸੋਸੀਏਸ਼ਨਜ਼ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ 'ਚ ਕਾਰੋਬਾਰ ਨੂੰ ਵਧਣ ਫੁੱਲਣ ਲਈ ਪੂਰਾ ਸੁਰੱਖਿਅਤ ਸੁਖਾਲਾ ਅਤੇ ਪਾਰਦਰਸ਼ੀ ਮਾਹੌਲ ਸਿਰਜਣ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਪੀਐੱਸਆਈਈਸੀ ਜਿਥੇ ਸੂਬੇ 'ਚ ਉਦਯੋਗਿਕ ਵਿਕਾਸ ਨੂੰ ਤੇਜ ਕਰਨ ਉਦਯੋਗਪਤੀਆਂ ਅਤੇ ਉੱਦਮੀਆਂ ਨੂੰ ਉਤਸ਼ਾਹਿਤ ਕਰ ਰਹੀ ਹੈ ਉੱਥੇ ਉਦਯੋਗਿਕ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵੀ ਪੂਰੀ ਸਰਗਰਮ ਹੈ ਅਤੇ ਸੂਬੇ ਵਿਚ ਨਵੀਂ ਉਦਯੋਗਿਕ ਨੀਤੀ ਜਲਦੀ ਆ ਰਹੀ ਹੈ ਜਿਸ ਵਿਚ ਐੱਮਐੱਸਐੱਮਈਜ ਅਤੇ ਨਿਰਯਾਤ ਮੁਖੀ ਇਕਾਈਆਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਗਤੀਸ਼ੀਲ ਅਤੇ ਉਦਯੋਗ ਅਨੁਕੂਲ ਵਾਤਾਵਰਨ ਬਣਾਂ ਲਈ ਸਰਗਰਮੀਆਂ ਹੋਰ ਤੇਜ਼ ਹੋ ਜਾਣਗੀਆਂ | ਇਸ ਮੌਕੇ ਪਿਆਰੇ ਲਾਲ ਸੇਠ, ਸਮੀਰ ਜੈਨ, ਸੁਰਿੰਦਰ ਦੁੱਗਲ, ਵਿਕਾਸ ਨਾਰੰਗ, ਪ੍ਰਣਵ ਧਵਨ, ਗੁਰਪ੍ਰੀਤ ਸਿੰਘ ਕਟਾਰੀਆ ਚੇਅਰਮੈਨ ਟਰੇਡਰਜ਼ ਕਮਿਸ਼ਨ ਕਪਿਲ ਚੱਢਾ ਅਤੇ ਰਮਨ ਕੁਮਾਰ ਆਦਿ ਹਾਜ਼ਰ ਸਨ |
ਪੰਜਾਬ ਵਪਾਰ ਮੰਡਲ ਵਲੋਂ ਪੀ. ਐੱਸ. ਆਈ. ਈ. ਸੀ. ਦੇ ਵਾਈਸ ਚੇਅਰਮੈਨ ਜਸਕਰਨ ਸਿੰਘ ਬੰਦੇਸ਼ਾ ਦਾ ਸਨਮਾਨ
ਜਸਕਰਨ ਸਿੰਘ ਬੰਦੇਸ਼ਾ ਨੂੰ ਸਨਮਾਨਿਤ ਕਰਨ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਅਤੇ ਜਨਰਲ ਸਕੱਤਰ ਸੁਰਿੰਦਰ ਦੁੱਗਲ ਅਤੇ ਹੋਰ ਅਹੁਦੇਦਾਰ | ਤਸਵੀਰ : ਹਰਜੀਤ ਸਿੰਘ <br/>
16-02-2026