ਅੰਮਿ੍ਤਸਰ/ਰਾਜਾਸਾਂਸੀ, 28 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ/ਹਰਦੀਪ ਸਿੰਘ ਖੀਵਾ)-ਡਾਇਰੈਕਟੋਰੇਟ ਆਫ਼ ਰੈਵੀਨਿਊ ਇੰਟੈਲੀਜੇਂਸ (ਡੀ. ਆਰ. ਆਈ.) ਨੇ ਤਸਕਰੀ ਦੇ ਇਕ ਵੱਡੇ ਗਰੋਹ ਦਾ ਪਰਦਾਫਾਸ਼ ਕਰਦੇ ਹੋਏ ਅੰਮਿ੍ਤਸਰ ਹਵਾਈ ਅੱਡੇ 'ਤੇ ਤਿੰਨ ਯਾਤਰੀਆਂ ਪਾਸੋਂ ਵੱਡੀ ਮਾਤਰਾ 'ਚ ਐਪਲ ਕੰਪਨੀ ਦੇ ਫੋਨ ਅਤੇ ਵਿਦੇਸ਼ੀ ਸਿਗਰੇਟਾਂ ਦੀ ਖੇਪ ਜ਼ਬਤ ਕੀਤੀ ਹੈ | ਜਾਣਕਾਰੀ ਮੁਤਾਬਕ ਬੀਤੇ ਦਿਨੀਂ ਹਵਾਈ ਤਿੰਨ ਯਾਤਰੀ ਏਅਰ ਇੰਡੀਆ ਦੀ ਉਡਾਣ ਰਾਹੀਂ ਸ਼ਾਰਜਾਹ ਤੋਂ ਅੰਮਿ੍ਤਸਰ ਹਵਾਈ ਅੱਡੇ 'ਤੇ ਪਹੁੰਚੇ ਸਨ | ਇਸ ਦੌਰਾਨ ਅਧਿਕਾਰੀਆਂ ਨੂੰ ਉਨ੍ਹਾਂ ਦੇ ਸ਼ੱਕ ਹੋਇਆ, ਜਿਸ ਤੋਂ ਉਨ੍ਹਾਂ ਦੇ ਸਾਮਾਨ ਦੀ ਤਲਾਸ਼ੀ ਲਈ ਗਈ | ਇਸ ਦੌਰਾਨ ਅਧਿਕਾਰੀਆਂ ਨੇ ਉਨ੍ਹਾਂ ਦੇ ਸਾਮਾਨ 'ਚੋਂ 45 ਆਈ ਫੋਨ-17 ਪ੍ਰੋਅ ਮੈਕਸ ਅਤੇ ਵੱਡੀ ਗਿਣਤੀ 'ਚ ਵਿਦੇਸ਼ੀ ਸਿਗਰੇਟਾਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ਦੀ ਬਾਜ਼ਾਰੀ ਕੀਮਤ ਕੁੱਲ 89.33 ਲੱਖ ਰੁਪਏ ਦੱਸੀ ਗਈ ਹੈ |