18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਬਾਹਰਲੇ ਦੇਸ਼ਾਂ 'ਚ ਸਿੱਖ ਆਗੂਆਂ ਦੇ ਕਤਲ ਮਾਮਲਿਆਂ ਦੀ ਨਿਰਪੱਖ ਜਾਂਚ ਹੋਵੇ : ਸਿਮਰਨਜੀਤ ਸਿੰਘ ਮਾਨ

ਅਜੀਤ ਡੈਸਕ 01-05-2026
ਅੰਮਿ੍ਤਸਰ, 30 ਅਪ੍ਰੈਲ (ਜਸਵੰਤ ਸਿੰਘ ਜੱਸ)-ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਭਾਰਤ ਦੀ ਮੋਦੀ ਸਰਕਾਰ ਦੀ ਆਲੋਚਨਾ ਕਰਦਿਆਂ ਪਿਛਲੇ ਸਮੇਂ ਦੌਰਾਨ ਵੱਖ-ਵੱਖ ਮੁਲਕਾਂ ਵਿਚ ਸਿੱਖ ਆਗੂਆਂ ਦੇ ਹੋਏ ਕਤਲਾਂ ਦੀ ਨਿਰਪੱਖ ਜਾਂਚ ਕਰਾਏ ਜਾਣ ਦੀ ਮੰਗ ਕੀਤੀ ਹੈ | ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੱਖ ਪੰਥ ਨੂੰ ਦਰਪੇਸ਼ ਮਸਲਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕੇਂਦਰ ਸਰਕਾਰ, ਆਰ. ਐੱਸ. ਐੱਸ. ਤੇ ਭਾਜਪਾ ਅਤੇ ਵੱਖ-ਵੱਖ ਰਾਸ਼ਟਰੀ ਮੁੱਦਿਆਂ ਸੰਬੰਧੀ ਆਪਣੀ ਪਾਰਟੀ ਦਾ ਪੱਖ ਰੱਖਿਆ | ਸ. ਮਾਨ ਨੇ ਕਿਹਾ ਕਿ ਵਿਦੇਸ਼ਾਂ ਵਿਚ ਸਿੱਖ ਆਗੂਆਂ ਦੇ ਕਤਲਾਂ ਨਾਲ ਜੁੜੇ ਲੋਕਾਂ ਨੂੰ ਜਾਂਚ ਦੇ ਦਾਇਰੇ ਵਿਚ ਲਿਆਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਸਕੂਲਾਂ ਤੇ ਹੋਰ ਸੰਸਥਾਵਾਂ ਵਿਚ ਵਿਸ਼ੇਸ਼ ਵਿਅਕਤੀਆਂ ਦੀ ਆਮਦ ਮੌਕੇ ਵੰਦੇ ਮਾਤਰਮ ਦਾ ਕਰਵਾਇਆ ਜਾ ਰਿਹਾ ਗਾਇਣ ਬੰਦ ਕਰਨਾ ਚਾਹੀਦਾ ਹੈ, ਕਿਉਂਕਿ ਇਸਦਾ ਤਾਅਲੁੱਕ ਸਿੱਖਾਂ ਨਾਲ ਨਹੀਂ ਹੈ | ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਵੱਖਰੀ ਪਹਿਚਾਣ ਹੈ ਅਤੇ ਸਰਕਾਰ ਨੂੰ ਸਿੱਖਾਂ ਦੀਆਂ ਧਾਰਮਿਕ ਤੇ ਸਮਾਜਿਕ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ | ਹਾਲ ਹੀ ਵਿਚ ਹੋਏ ਧਮਾਕਿਆਂ ਸੰਬੰਧੀ ਉਨ੍ਹਾਂ ਕਿਹਾ ਕਿ ਕੁਝ ਘਟਨਾਵਾਂ ਨੂੰ ਸਿੱਖ ਜਥੇਬੰਦੀਆਂ ਨਾਲ ਜੋੜਨਾ ਠੀਕ ਨਹੀਂ ਅਤੇ ਅਜਿਹੇ ਸਾਰੇ ਮਾਮਲਿਆਂ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ | ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਸਿੱਖ ਜਥੇਬੰਦੀਆਂ ਵਲੋਂ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਚੁਣੇ ਗਏ ਵਿਧਾਇਕਾਂ ਵਲੋਂ ਹੀ ਮੁੱਖ ਮੰਤਰੀ ਦਾ ਫੈਸਲਾ ਕੀਤਾ ਜਾਵੇਗਾ | ਸ. ਮਾਨ ਨੇ ਦੱਸਿਆ ਕਿ ਕੱਲ੍ਹ 1 ਮਈ ਨੂੰ ਪਾਰਟੀ ਵਲੋਂ ਆਪਣਾ ਸਥਾਪਨਾ ਦਿਵਸ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਮਨਾਇਆ ਜਾ ਰਿਹਾ ਹੈ | ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਉਪਕਾਰ ਸਿੰਘ ਸੰਧੂ, ਪ੍ਰੋ: ਮਹਿੰਦਰਪਾਲ ਸਿੰਘ, ਹਰਪਾਲ ਸਿੰਘ ਬਲੇਰ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਨਸ਼ਾ ਤਸਕਰਾਂ ਵਲੋਂ ਕਤਲ ਕੀਤੇ ਗਏ ਪੁੱਤ ਦਾ ਨਹੀਂ ਮਿਲਿਆ ਇਨਸਾਫ ਅਗਲੀ ਖ਼ਬਰ ਜਨਗਣਨਾ -2027 ਤਹਿਤ ਅੰਮਿ੍ਤਸਰ 'ਚ ਸਵੈਗਣਨਾ ਦੀ ਹੋਈ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।