ਅੰਮਿ੍ਤਸਰ, 30 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਅੰਮਿ੍ਤਸਰ ਪੂਰਬੀ ਵਲੋਂ ਡਰੱਗ ਅਤੇ ਸੋਸ਼ਲ ਆਰਥਿਕ ਜਨਗਣਨਾ ਦੀ ਟ੍ਰੇਨਿੰਗ ਸਰਕਾਰੀ ਹਾਈ ਸਕੂਲ ਪੁਤਲੀਘਰ ਵਿਖੇ ਕਰਵਾਈ ਗਈ, ਜਿਸ 'ਚ ਪ੍ਰਬੰਧਾਂ ਦੀ ਵੱਡੀ ਘਾਟ ਵੇਖਣ ਨੂੰ ਮਿਲੀ | ਇਸ ਸੰਬੰਧੀ ਨਾਰਾਜਗੀ ਜਾਹਿਰ ਕਰਦੇ ਹੋਏ ਬੀ. ਐੱਲ. ਓ. ਪ੍ਰਧਾਨ ਮਧੂ ਕੁਮਾਰੀ ਨੇ ਦੱਸਿਆ ਕਿ ਟ੍ਰੇਨਿੰਗ ਦੇਣ ਆਏ ਮਾਸਟਰ ਟ੍ਰੇਨਰ ਦਿਲਬਾਗ ਸਿੰਘ ਵਲੋਂ ਦੱਸਿਆ ਗਿਆ ਕਿ ਹਰ ਇਕ ਗਣਨਾਕਾਰ ਕਾਰ ਭਾਵ ਨਿਊਮੀਰੇਟਰ ਨੂੰ 400 ਰੁਪਏ ਪ੍ਰਤੀ ਵਿਅਕਤੀ ਰਿਫਰੈਸ਼ਮੈਂਟ ਲਈ ਵਿਭਾਗ ਵਲੋਂ ਜਾਰੀ ਕਰ ਦਿੱਤੇ ਗਏ ਸੀ ਪਰ ਅੰਮਿ੍ਤਸਰ ਪੂਰਬੀ ਦੇ ਅਧਿਕਾਰੀਆਂ ਵਲੋਂ ਉੱਥੇ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ | ਇਸ ਦੌਰਾਨ ਸਵੇਰੇ 9 ਤੋਂ ਲੈ ਕੇ ਸ਼ਾਮ 5 ਵਜੇ ਤੱਕ ਉੱਥੇ ਟ੍ਰੇਨਿੰਗ ਸੈਸ਼ਨ ਚੱਲਿਆ ਜਿਸ 'ਚ ਵੱਖ-ਵੱਖ ਵਿਭਾਗਾਂ ਦੇ ਨਿਊਮੀਰੇਟਰ ਨਿਯੁਕਤ ਕੀਤੇ ਗਏ ਸੀ | ਉਨ੍ਹਾਂ ਵਾਸਤੇ ਚਾਹ ਪਾਣੀ ਜਾਂ ਭੋਜਨ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਸਾਰਾ ਦਿਨ ਭੁੱਖੇ ਭਾਣੇ ਬਿਠਾ ਕੇ ਉਨ੍ਹਾਂ ਨੂੰ ਟ੍ਰੇਨਿੰਗ ਸੈਸ਼ਨ 'ਚ ਬਿਠਾਇਆ ਗਿਆ | ਇਸ ਦੌਰਾਨ ਉਨ੍ਹਾਂ ਵਿਭਾਗ ਪ੍ਰਤੀ ਆਪਣੀ ਨਾਰਾਜ਼ਗੀ ਜਾਹਿਰ ਕਰਦਿਆਂ ਮੰਗ ਕੀਤੀ ਕਿ ਜੋ 400 ਰੁਪਏ ਪ੍ਰਤੀ ਵਿਅਕਤੀ ਰਿਫਰੈਸ਼ਮੈਂਟ ਲਈ ਆਏ ਸੀ, ਉਹ ਅਧਿਕਾਰੀਆਂ ਦੁਆਰਾ ਕਿੱਥੇ ਖੁਰਦ-ਬੁਰਦ ਕਰ ਦਿੱਤੇ ਗਏ, ਜਿਸ ਦੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ ਜਾਵੇ ਅਤੇ ਇਹ ਰਿਫਰੈਸ਼ਮੈਂਟ ਦੇ ਪੈਸੇ ਉਨ੍ਹਾਂ ਦੇ ਖਾਤਿਆਂ 'ਚ ਪਾ ਦਿੱਤੇ ਜਾਣ | ਉਨ੍ਹਾਂ ਕਿਹਾ ਕਿ ਜਲਦ ਹੀ ਇਸ ਮਾੜੇ ਪ੍ਰਬੰਧ ਦੇ ਖ਼ਿਲਾਫ਼ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਅੰਮਿ੍ਤਸਰ ਨੂੰ ਵੀ ਦਿੱਤਾ ਜਾਵੇਗਾ | ਇਸ ਸੰਬੰਧੀ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਏ. ਡੀ. ਸੀ. ਹਨ, ਜਿਨ੍ਹਾਂ ਪਾਸੋਂ ਇਸ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ |