ਅੰਮਿ੍ਤਸਰ, 30 ਅਪ੍ਰੈਲ (ਜਸਵੰਤ ਸਿੰਘ ਜੱਸ)-ਅੱਜ ਤੀਜੇ ਪਾਤਿਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਾਰਾ ਦਿਨ ਵੱਡੀ ਗਿਣਤੀ ਵਿਚ ਸੰਗਤਾਂ ਦੂਰੋਂ ਨੇੜਿਓਾ ਦਰਸ਼ਨ ਇਸ਼ਨਾਨ ਕਰਨ ਪੁੱਜੀਆਂ | ਸ਼੍ਰੋਮਣੀ ਕਮੇਟੀ, ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਵਲੋਂ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਉਪ੍ਰੰਤ ਸਮੂਹ ਵਿਖੇ ਸੁੰਦਰ ਤੇ ਰੰਗ ਬਿਰੰਗੀ ਬਿਜਲਈ ਦੀਪਮਾਲਾ ਕੀਤੀ ਗਈ | ਬਿਜਲਈ ਦੀਪਮਾਲਾ ਦੇ ਨਾਲ ਨਾਲ ਸ਼ਰਧਾਲੂਆਂ ਵਲੋਂ ਸਦੀਆਂ ਪੁਰਾਤਨ ਰਵਾਇਤ ਅਨੁਸਾਰ ਪਾਵਨ ਸਰੋਵਰ ਕਿਨਾਰੇ ਸ਼ਰਧਾ ਸਹਿਤ ਦੇਸੀ ਘਿਓ ਦੇ ਦੀਵੇ ਬਾਲ ਕੇ ਵੀ ਰਵਾਇਤੀ ਦੀਪਮਾਲਾ ਕੀਤੀ ਗਈ | ਪ੍ਰਕਾਸ਼ ਪੁਰਬ ਸਬੰਧੀ ਦੇਰ ਸ਼ਾਮ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੀਆਂ ਕੁਝ ਡਿਉੜੀਆਂ ਤੋਂ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਕੁਝ ਸਮਾਂ ਆਤਿਸ਼ਬਾਜ਼ੀ ਵੀ ਚਲਾਈ ਗਈ, ਜਿਸ ਦਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਅਨੰਦ ਮਾਣਿਆ | ਇਸ ਸਬੰਧੀ ਜਦੋਂ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਹੋਰ ਜਾਣਕਾਰੀ ਲੈਣ ਹਿਤ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਨਵ ਨਿਯੁਕਤ ਮੁੱਖ ਮੈਨੇਜਰ ਮੇਜਰ ਸਿੰਘ ਨਾਲ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਹੀ ਨਹੀਂ ਚੁੱਕਿਆ |