ਅੰਮਿ੍ਤਸਰ, 19 ਮਈ (ਹਰਮਿੰਦਰ ਸਿੰਘ)-ਸੀ. ਐੱਮ. ਸੀ./ਐੱਮ. ਸੀ. ਏ.-ਕਮ-ਪਿ੍ੰਸੀਪਲ ਜਨਗਣਨਾ ਅਧਿਕਾਰੀ ਨੇ ਉਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਗੰਭੀਰ ਰੁਖ ਅਪਨਾਇਆ ਹੈ ਜੋ ਵਾਰ-ਵਾਰ ਹਦਾਇਤਾਂ ਅਤੇ ਲਾਜ਼ਮੀ ਟ੍ਰੇਨਿੰਗ ਸੈਸ਼ਨਾਂ ਦੇ ਬਾਵਜੂਦ ਜਨਗਣਨਾ ਡਿਊਟੀ 'ਤੇ ਹਾਜ਼ਰ ਨਹੀਂ ਹੋ ਰਹੇ | ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਨਗਣਨਾ ਅਧਿਕਾਰੀ-ਕਮ-ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਪੁਲਿਸ ਕਮਿਸ਼ਨਰ ਅੰਮਿ੍ਤਸਰ ਨੂੰ ਪੱਤਰ ਲਿਖ ਕੇ ਜਨਗਣਨਾ ਐਕਟ 1948 ਦੀਆਂ ਸੰਬੰਧਿਤ ਧਾਰਾਵਾਂ ਤਹਿਤ ਗ਼ੈਰਹਾਜ਼ਰ ਕਰਮਚਾਰੀਆਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੀ ਸਿਫਾਰਸ਼ ਕੀਤੀ ਹੈ | ਇਸ ਦੇ ਨਾਲ ਜਨਗਣਨਾ ਡਿਊਟੀ ਤੋਂ ਗ਼ੈਰ ਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਦੀ ਤਨਖ਼ਾਹ ਰੋਕਣ ਲਈ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਕਮਿਸ਼ਨਰ ਨੇ ਕਿਹਾ ਕਿ ਜਨਗਣਨਾ ਦਾ ਕੰਮ ਰਾਸ਼ਟਰੀ ਮਹੱਤਤਾ ਵਾਲਾ ਕੰਮ ਹੈ ਤੇ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ, ਜਾਣਬੁੱਝ ਕੇ ਗੈਰਹਾਜ਼ਰੀ ਜਾਂ ਅਸਹਿਯੋਗ ਨਾਲ ਸਰਕਾਰੀ ਯੋਜਨਾਬੰਦੀ, ਵਿਕਾਸ ਕਾਰਜਾਂ, ਲੋਕ ਭਲਾਈ ਸਕੀਮਾਂ ਅਤੇ ਨੀਤੀ ਨਿਰਧਾਰਣ 'ਤੇ ਮਾੜਾ ਅਸਰ ਪੈਂਦਾ ਹੈ | ਉਨ੍ਹਾਂ ਕਿਹਾ ਕਿ ਜਨਗਣਨਾ ਸੁਪਰਵਾਈਜ਼ਰ ਵਜੋਂ ਤਾਇਨਾਤ ਕਈ ਕਰਮਚਾਰੀ ਵਾਰ-ਵਾਰ ਸੱਦੇ ਜਾਣ ਅਤੇ ਲਿਖਤੀ ਸੂਚਨਾਵਾਂ ਦੇ ਬਾਵਜੂਦ ਡਿਊਟੀ 'ਤੇ ਸ਼ਾਮਿਲ ਨਹੀਂ ਹੋਏ | ਇਨ੍ਹਾਂ 'ਚ ਸਹਾਇਕ ਪ੍ਰੋਫੈਸਰ ਨਿਧੀ ਅਗਰਵਾਲ, ਦਲਜੀਤ ਕੌਰ ਸੀਨੀਅਰ ਸਹਾਇਕ, ਰਿਤੂ ਸੈਣੀ ਫਾਇਨੈਂਸ ਵਿਭਾਗ, ਹਰਿਸ਼ਵਰ ਸ਼ਰਮਾ ਇੰਟਰਨਲ ਆਡੀਟਰ, ਪਦਮਜੀਤ ਲੈਕਚਰਾਰ, ਵਿਜੇ ਲੈਕਚਰਾਰ, ਪੂਨਮ ਬਾਲਾ ਸੁਪਰਿੰਟੈਂਡੈਂਟ, ਡਿੰਪਲ ਗਾਖੜ ਲੈਕਚਰਾਰ, ਰਾਜਿੰਦਰ ਸਿੰਘ ਲੈਕਚਰਾਰ, ਮਨਜੀਤ ਕੌਰ ਲੈਕਚਰਾਰ, ਵੀਣਾ ਅਧਿਆਪਕਾ ਦੇ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ ਹੈ | ਨਿਗਮ ਕਮਿਸ਼ਨਰ ਨੇ ਸਪਸ਼ਟ ਕੀਤਾ ਹੈ ਕਿ ਜਨਗਣਨਾ ਡਿਊਟੀ ਵਿਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਸੀ. ਐੱਮ. ਸੀ. ਅਧਿਕਾਰੀਆਂ ਨੇ ਦੁਬਾਰਾ ਚੇਤਾਵਨੀ ਦਿੱਤੀ ਹੈ ਕਿ ਜਨਗਣਨਾ ਕਾਰਜ ਵਿਚ ਭਵਿੱਖ ਵਿਚ ਕਿਸੇ ਵੀ ਤਰ੍ਹਾਂ ਦੀ ਗ਼ੈਰ ਹਾਜ਼ਰੀ, ਲਾਪ੍ਰਵਾਹੀ ਜਾਂ ਰੁਕਾਵਟ ਪੈਦਾ ਕਰਨ 'ਤੇ ਬਿਨਾਂ ਕਿਸੇ ਹੋਰ ਨੋਟਿਸ ਦੇ ਸਖ਼ਤ ਕਾਰਵਾਈ ਕੀਤੀ ਜਾਵੇਗੀ |