24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਲਾਹੌਰ ਹੈਰੀਟੇਜ ਏਰੀਆਜ਼ ਰੀਵਾਈਵਲ ਪ੍ਰੋਜੈਕਟ ਤਹਿਤ ਸੜਕਾਂ ਮੁਹੱਲਿਆਂ ਦੇ ਪੁਰਾਣੇ ਹਿੰਦੂ ਨਾਂਅ ਬਹਾਲ ਕਰਨਾ ਅਸੰਭਵ <br/>

ਲਾਹੌਰ ਦੀਆਂ ਮੁੱਖ ਸੜਕਾਂ, ਗਲੀਆਂ ਅਤੇ ਚੌਕਾਂ 'ਚ ਲੱਗੇ ਪੁਰਾਣੇ ਨਾਵਾਂ ਵਾਲੇ ਬੋਰਡ | ਤਸਵੀਰਾਂ ਰਾਹੀਂ : ਸੁਰਿੰਦਰ ਕੋਛੜ <br/> 20-05-2026
ਅੰਮਿ੍ਤਸਰ, 19 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ. ਐੱਨ.) ਸੁਪ੍ਰੀਮੋ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਦੀ ਪ੍ਰਧਾਨਗੀ ਹੇਠ ਲਗਪਗ ਦੋ ਮਹੀਨੇ ਪਹਿਲਾਂ ਹੋਈ ਉੱਚ ਪੱਧਰੀ ਮੀਟਿੰਗ 'ਚ ਲਾਹੌਰ ਹੈਰੀਟੇਜ ਏਰੀਆਜ਼ ਰੀਵਾਈਵਲ ਪ੍ਰੋਜੈਕਟ ਤਹਿਤ ਲਾਹੌਰ ਦੀਆਂ ਸੜਕਾਂ, ਵਿੱਦਿਅਕ ਸੰਸਥਾਵਾਂ, ਇਮਾਰਤਾਂ ਅਤੇ ਗਲੀਆਂ ਦੇ ਪੁਰਾਣੇ ਨਾਵਾਂ ਨੂੰ ਮੁੜ ਸੁਰਜੀਤ ਕਰਕੇ ਲਾਹੌਰ ਦੀ ਵਿਰਾਸਤ ਨੂੰ ਬਹਾਲ ਕਰਨ ਦਾ ਐਲਾਨ ਕੀਤਾ ਗਿਆ | ਜਿਸ ਦੇ ਬਾਅਦ ਹੁਣ ਕੁਝ ਭਾਰਤੀ ਮੀਡੀਆ ਅਦਾਰਿਆਂ ਨੇ ਇਸ ਮਾਮਲੇ 'ਚ ਫੇਰਬਦਲ ਕਰਦਿਆਂ ਦਾਅਵਾ ਕੀਤਾ ਹੈ ਕਿ ਲਹਿੰਦੇ ਪੰਜਾਬ ਦੀ ਸਰਕਾਰ ਲਾਹੌਰ ਦੇ ਇਸਲਾਮਪੁਰਾ ਦਾ ਨਾਂ ਮੁੜ ਤੋਂ ਕਿ੍ਸ਼ਨਾ ਨਗਰ, ਸੁੰਨਤ ਨਗਰ ਦਾ ਸੰਤ ਨਗਰ, ਬਾਬਰੀ ਮਸਜਿਦ ਚੌਕ ਦਾ ਜੈਨ ਮੰਦਿਰ ਚੌਕ, ਮੌਲਾਨਾ ਜ਼ਫ਼ਰ ਚੌਕ ਦਾ ਲਕਸ਼ਮੀ ਚੌਕ ਅਤੇ ਮੁਸਤਫ਼ਾਬਾਦ ਦਾ ਨਾਂ ਬਦਲ ਕੇ ਧਰਮਪੁਰਾ ਰੱਖ ਰਹੀ ਹੈ | ਇਸ ਬਾਰੇ 'ਚ 'ਅਜੀਤ' ਨੇ ਲਾਹੌਰ ਦੇ ਕਈ ਅਧਿਕਾਰੀਆਂ, ਪੱਤਰਕਾਰਾਂ ਅਤੇ ਇਤਿਹਾਸ/ਵਿਰਾਸਤ ਚਿੰਤਕਾਂ ਨਾਲ ਫ਼ੋਨ 'ਤੇ ਗੱਲਬਾਤ ਕੀਤੀ | ਉਨ•ਾਂ ਨੇ ਸਪਸ਼ਟ ਤੌਰ 'ਤੇ ਕਿਹਾ ਕਿ ਬੇਸ਼ੱਕ ਬਾਬਰੀ ਮਸਜਿਦ ਵਿਵਾਦ ਦੇ ਬਾਅਦ ਲਾਹੌਰ ਦੇ ਹਿੰਦੂ ਮੁਹੱਲਿਆਂ ਅਤੇ ਚੌਕਾਂ ਦੇ ਨਾਂ ਬਦਲੇ ਗਏ ਸਨ, ਪਰ ਅੱਜ ਵੀ ਪੁਰਾਣੇ ਨਾਂ ਹੀ ਲੋਕਾਂ ਦੀ ਜ਼ੁਬਾਨ 'ਤੇ ਹਨ ਅਤੇ ਪੁਰਾਣੇ ਨਾਵਾਂ ਵਾਲੇ ਸੂਚਨਾ ਬੋਰਡ ਕੁਝ ਸੜਕਾਂ-ਚੌਕਾਂ 'ਤੇ ਲੱਗੇ ਅੱਜ ਵੀ ਵੇਖੇ ਜਾ ਸਕਦੇ ਹਨ | ਹਾਲਾਂਕਿ, ਪਾਕਿ ਦੇ ਇਸਲਾਮਿਕ ਦੇਸ਼ ਹੋਣ ਕਰਕੇ ਇੱਥੇ ਮੁਹੱਲਿਆਂ ਸੜਕਾਂ ਦਾ ਨਾਂ ਸਰਕਾਰੀ ਤੌਰ 'ਤੇ ਮੁੜ ਤੋਂ ਹਿੰਦੂਆਂ ਸਿੱਖਾਂ ਦੇ ਨਾਂ 'ਤੇ ਰੱਖਿਆ ਜਾਣਾ ਸੰਭਵ ਨਹੀਂ ਹੈ ਅਤੇ ਨਾ ਹੀ ਇਸ ਬਾਰੇ ਕੋਈ ਸਰਕਾਰੀ ਨੋਟੀਫ਼ਿਕੇਸ਼ਨ ਹੀ ਜਾਰੀ ਕੀਤਾ ਗਿਆ ਹੈ | ਦੱਸਣਯੋਗ ਹੈ ਕਿ ਦੇਸ਼ ਦੀ ਵੰਡ ਦੇ ਸਿਰਫ਼ ਤਿੰਨ ਸਾਲ ਬਾਅਦ ਹੀ ਲਾਹੌਰ ਦੇ ਅਨਾਰਕਲੀ ਬਾਜ਼ਾਰ ਦੇ ਨਾਲ ਲਗਦੀ ਮੋਹਨ ਲਾਲ ਰੋਡ ਦਾ ਨਾਂਅ ਬਦਲ ਕੇ ਉਰਦੂ ਬਾਜ਼ਾਰ ਰੱਖ ਦਿੱਤਾ ਗਿਆ | ਇਸ ਦੇ ਨਾਲ ਹੀ ਨਿਸਬਤ ਰੋਡ 'ਤੇ ਸਰ ਗੰਗਾ ਰਾਮ ਦੇ ਪੁੱਤਰ ਸੇਵਕ ਰਾਮ ਦੁਆਰਾ ਬਣਵਾਈ ਗੀਤਾ ਭਵਨ ਦੀ ਵਿਸ਼ਾਲ ਇਮਾਰਤ ਦੇ ਬਾਹਰ ਹਿੰਦੀ ਵਿਚ ਲਿਖੇ 'ਗੀਤਾ ਭਵਨ' ਅਤੇ 'ਓਮ' ਸ਼ਬਦ ਹਟਾ ਦਿੱਤੇ ਗਏ | ਪਾਕਿ ਦੇ ਸਾਬਕਾ ਤਾਨਾਸ਼ਾਹ ਰਾਸ਼ਟਰਪਤੀ ਜਿਆ-ਉਲ-ਹੱਕ ਦੇ ਸ਼ਾਸਨ ਸਮੇਂ ਲਾਹੌਰ ਦੀਆਂ ਅੱਧੀਆਂ ਤੋਂ ਜ਼ਿਆਦਾ ਹਿੰਦੂ-ਸਿੱਖ ਇਮਾਰਤਾਂ ਅਤੇ ਇਲਾਕਿਆਂ ਨੂੰ ਇਸਲਾਮਿਕ ਨਾਂਅ ਦਿੱਤੇ ਗਏ | ਉਸ ਤੋਂ ਬਾਅਦ ਫਰਵਰੀ 2018 'ਚ ਲਾਹੌਰ ਪ੍ਰਸ਼ਾਸਨ ਨੇ ਸ਼ਹਿਰ ਦੇ 58 ਹਿੰਦੂ-ਸਿੱਖ ਨਾਵਾਂ ਵਾਲੇ ਸਥਾਨਾਂ ਦੀ ਸੂਚਨਾ ਜਾਰੀ ਕਰਕੇ ਉਨ੍ਹਾਂ ਦਾ ਨਾਂਅ ਬਦਲਣ ਲਈ ਲਾਹੌਰ ਵਾਸੀਆਂ ਦੇ ਸੁਝਾਅ ਮੰਗੇ | ਇਨ੍ਹਾਂ ਵਿਚ ਹਿੰਦੂ-ਸਿੱਖਾਂ ਦੇ ਨਾਵਾਂ ਨਾਲ ਸੰਬੰਧਿਤ 38 ਪ੍ਰਸਿੱਧ ਸੜਕਾਂ ਦੇ ਵੀ ਨਾਂਅ ਸ਼ਾਮਲ ਸਨ | ਪ੍ਰਸ਼ਾਸਨ ਦਾ ਤਰਕ ਸੀ ਕਿ ਹਿੰਦੂ-ਸਿੱਖ ਨਾਵਾਂ ਵਾਲੇ ਸਥਾਨਾਂ ਦੀ ਪਹਿਚਾਣ ਨੂੰ ਨਹੀਂ ਬਦਲਿਆ ਜਾ ਰਿਹਾ, ਸਗੋਂ ਉਨ੍ਹਾਂ ਇਲਾਕਿਆਂ ਦਾ ਨਾਂਅ ਲਾਹੌਰ ਦੇ ਮੌਜੂਦਾ ਪ੍ਰਮੁੱਖ ਮੁਸਲਮਾਨ ਸ਼ਹਿਰੀਆਂ ਅਤੇ ਰਈਸਾਂ ਦੇ ਨਾਂਅ 'ਤੇ ਰੱਖਿਆ ਜਾ ਰਿਹਾ ਹੈ | ਇਸ ਤੋਂ ਬਾਅਦ ਲਾਹੌਰ ਦੇ ਕਿਲ੍ਹਾ ਗੁੱਜ਼ਰ ਸਿੰਘ ਇਲਾਕੇ ਦਾ ਨਾਂਅ ਕਿਲ੍ਹਾ ਸ਼ਾਹ ਫ਼ੈਸਲ (ਸਾਊਦੀ ਅਰਬ ਦਾ ਸਾਬਕਾ ਰਾਜਾ), ਜੈਨ ਮੰਦਰ ਚੌਂਕ ਦਾ ਬਾਬਰੀ ਮਸਜਿਦ ਚੌਂਕ, ਗੋਮਤੀ ਬਾਜ਼ਾਰ ਦੇ ਕੂਚਾ ਕਾਲੀ ਮਾਤਾ ਦਾ ਕੂਚਾ ਔਰੰਗਜ਼ੇਬ, ਕਿ੍ਸ਼ਨਾ ਨਗਰ ਤੇ ਦੇਵ ਸਮਾਜ ਨਗਰ ਦਾ ਇਸਲਾਮਪੁਰਾ, ਸੰਤ ਨਗਰ ਦਾ ਨਾਂ ਸੁੰਨਤ ਨਗਰ ਰੱਖਿਆ ਗਿਆ | ਇਸ ਦੇ ਬਾਵਜੂਦ ਲਾਹੌਰ ਦੇ ਗਵਾਲ ਮੰਡੀ ਇਲਾਕੇ ਦੀ ਕਿ੍ਸ਼ਨਾ ਸਟਰੀਟ ਦੇ ਅੰਦਰੂਨੀ ਇਲਾਕਿਆਂ ਗਾਂਧੀ ਸਟਰੀਟ ਅਤੇ ਗਾਂਧੀ ਸਕਵੇਅਰ, ਪਟੇਲ ਨਗਰ, ਗੁਰੂ ਅਰਜਨ ਦੇਵ ਨਗਰ, ਮੰਦਰ ਵਾਲਾ ਮੁਹੱਲਾ ਸਮੇਤ ਲਕਸ਼ਮੀ ਬਿਲਡਿੰਗ, ਦਿਆਲ ਸਿੰਘ ਮੈਨਸ਼ਨ, ਬਾਵਾ ਸਿੰਘ ਬਿਲਡਿੰਗ, ਦਿਆਲ ਸਿੰਘ ਕਾਲਜ, ਗੰਗਾ ਰਾਮ ਹਸਪਤਾਲ, ਗੁਲਾਬ ਦੇਵੀ ਹਸਪਤਾਲ, ਜਾਨਕੀ ਦੇਵੀ ਹਸਪਤਾਲ ਦੇ ਨਾਵਾਂ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ |

ਪਿਛਲੀ ਖ਼ਬਰ ਅਖੰਡ ਕੀਰਤਨੀ ਜਥਾ (ਇੰਟਰਨੈਸ਼ਨਲ) ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਤੇ ਖ਼ਾਲਸਾਈ ਪ੍ਰੰਪਰਾਵਾਂ ਨੂੰ ਸਮਰਪਿਤ ਹੈ-ਜਥੇਦਾ... ਅਗਲੀ ਖ਼ਬਰ ਜਨਗਣਨਾ ਡਿਊਟੀ ਤੋਂ ਗ਼ੈਰ ਹਾਜ਼ਰ ਵਾਲੇ ਕਰਮਚਾਰੀਆਂ ਖ਼ਿਲਾਫ਼ ਐੱਫ.ਆਈ. ਆਰ. ਦਰਜ ਕਰਨ ਦੀ ਨਿਗਮ ਕਮਿਸ਼ਨਰ ਨੇ ਪੁਲਿਸ ਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।