ਅੰਮਿ੍ਤਸਰ, 19 ਮਈ (ਜਸਵੰਤ ਸਿੰਘ ਜੱਸ)-ਅਖੰਡ ਕੀਰਤਨੀ ਜਥਾ (ਇੰਟਰਨੈਸ਼ਨਲ) ਦੇ ਮੌਜੂਦਾ ਮੁਖੀ ਜਥੇਦਾਰ ਭਾਈ ਸੁਖਚੈਨ ਸਿੰਘ ਨੇ ਕਿਹਾ ਹੈ ਕਿ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਖ਼ਾਲਸਾਈ ਪਰੰਪਰਾਵਾਂ ਨੂੰ ਸਮਰਪਿਤ ਤੇ ਵਚਨਬੱਧ ਹੈ | ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਹੋਰਨਾਂ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਨੂੰ ਲਿਖੇ ਪੱਤਰਾਂ ਵਿਚ ਜਥੇਦਾਰ ਸੁਖਚੈਨ ਸਿੰਘ ਨੇ ਕਿਹਾ ਹੈ ਕਿ ਜਥੇ ਦੇ ਤਤਕਾਲੀ ਮੁਖੀ ਗਿਆਨੀ ਬਲਦੇਵ ਸਿੰਘ ਦੇ ਅਕਾਲ ਚਲਾਣੇ ਉਪਰੰਤ ਉਨ੍ਹਾਂ ਦੀ ਇੱਛਾ ਅਨੁਸਾਰ ਅਤੇ ਉਨ੍ਹਾਂ ਵਲੋਂ ਸਥਾਪਿਤ ਕੀਤੀ ਹਾਈਪਾਵਰ ਕਮੇਟੀ ਵਲੋਂ ਦਾਸ ਨੂੰ ਜਥੇਦਾਰ ਦੀ ਸੇਵਾ ਸੌਂਪੀ ਗਈ ਸੀ | ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਜਥਾ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਤੇ ਹੋਰ ਸਮੂਹ ਪੰਥਕ ਇਕੱਠਾਂ ਵਿਚ ਖ਼ਾਲਸਾ ਪੰਥ ਦੇ ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਪੰਥਕ ਮਾਮਲਿਆਂ ਬਾਰੇ ਸਰਗਰਮੀ ਨਾਲ ਸ਼ਮੂਲੀਅਤ ਕਰਦਾ ਰਿਹਾ ਹੈ | ਉਨ੍ਹਾਂ ਜਥੇਦਾਰਾਂ ਨੂੰ ਅਪੀਲ ਕੀਤੀ ਕਿ ਜਥੇ ਦੀਆਂ ਵਿਸ਼ਵ ਭਰ ਦੀਆਂ ਸੰਗਤਾਂ ਦੁਆਰਾ ਦਾਸ ਨੂੰ ਦਿੱਤੇ ਗਏ ਅਧਿਕਾਰਾਂ, ਆਦੇਸ਼ਾਂ, ਸੰਦੇਸ਼ਾਂ ਨੂੰ ਮੁੱਖ ਰੱਖਦਿਆਂ ਭਵਿੱਖ ਦੀਆਂ ਪੰਥਕ ਇਕੱਤਰਤਾਵਾਂ ਵਿਚ ਅਖੰਡ ਕੀਰਤਨੀ ਜਥਾ (ਇੰਟਰਨੈਸ਼ਨਲ) ਦੀ ਪ੍ਰਤੀਨਿਧਤਾ ਪਹਿਲਾਂ ਦੀ ਤਰ੍ਹਾਂ ਯਕੀਨੀ ਬਣਾਈ ਜਾਵੇ | ਉਨ੍ਹਾਂ ਕਿਹਾ ਕਿ ਜਥੇ ਵਲੋਂ ਆਪਣੇ ਪੱਧਰ 'ਤੇ ਧਰਮ ਪ੍ਰਚਾਰ ਲਹਿਰ ਜਾਰੀ ਹੈ ਤੇ ਅਕਾਲ ਤਖ਼ਤ ਸਾਹਿਬ, ਸ਼ੋ੍ਰਮਣੀ ਕਮੇਟੀ ਤੇ ਹੋਰ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਇਸ ਧਰਮ ਪ੍ਰਚਾਰ ਤੇ ਸਿੱਖੀ ਵਿਰਸਾ ਸੰਭਾਲ ਲਹਿਰ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਵਲੋਂ ਕੇਵਲ ਸਿੱਖ ਵਿਦਵਾਨ ਭਾਈ ਰਤਿੰਦਰ ਸਿੰਘ ਇੰਦੌਰ ਨੂੰ ਹੀ ਜੱਥੇ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਹੈ ਅਤੇ ਜਥੇ ਦਾ ਹੈਡ ਕੁਆਰਟਰ ਪਹਿਲਾਂ ਵਾਂਗ ਹੀ ਬੀ- ਬਲਾਕ ਰੇਲਵੇ ਕਾਲੋਨੀ ਅੰਮਿ੍ਤਸਰ ਵਿਖੇ ਹੈ | ਇਸ ਸੰਬੰਧੀ ਪੱਤਰ ਜਥੇਦਾਰ ਗੜਗੱਜ ਤੋਂ ਇਲਾਵਾ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਟੇਕ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਭੇਜੇ ਗਏ ਹਨ |