11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਜੂਨ 1984 ਘੱਲੂਘਾਰਾ 'ਤੇ ਵਿਸ਼ੇਸ਼ : 6 ਜੂਨ '84 ਦਾ ਦਿਨ ਸਿੱਖਾਂ ਲਈ ਅਫ਼ਸੋਸ ਦਾ ਨਹੀਂ, ਬਲਕਿ ਰੋਸ ਦਾ ਦਿਨ ਹੈ- ਭਾਈ ਗਰੇਵਾਲ

ਅਜੀਤ ਡੈਸਕ 05-06-2026
ਅੰਮਿ੍ਤਸਰ, 4 ਜੂਨ (ਜਸਵੰਤ ਸਿੰਘ ਜੱਸ)-ਜੂਨ 1984 ਦਾ ਘੱਲੂਘਾਰਾ ਸਿੱਖਾਂ ਲਈ ਅਫ਼ਸੋਸ ਦਾ ਦਿਨ ਨਹੀਂ, ਬਲਕਿ ਰੋਸ ਦਾ ਦਿਨ ਹੈ ਤੇ ਸਿੱਖ ਇਤਿਹਾਸ ਦਾ ਸੁਨਹਿਰੀ ਪੰਨਾ ਹੈ | ਇਸ ਗੱਲ ਦਾ ਪ੍ਰਗਟਾਵਾ ਅੱਜ ਇਥੇ ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ 'ਅਜੀਤ' ਦੀ ਟੀਮ ਨਾਲ ਘੱਲੂਘਾਰਾ ਹਫ਼ਤੇ ਦੌਰਾਨ ਸ੍ਰੀ ਦਰਬਾਰ ਸਾਹਿਬ ਵਿਖੇ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ | ਭਾਈ ਗਰੇਵਾਲ ਨੇ ਕਿਹਾ ਕਿ ਇਸ ਦਿਨ ਸਿੱਖ ਯੋਧਿਆਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਆਪਣਾ ਸ਼ਹਾਦਤਾਂ ਭਰਿਆ ਸਿੱਖ ਇਤਿਹਾਸ ਦੁਹਰਾਇਆ | ਉਨ੍ਹਾਂ ਕਿਹਾ ਕਿ ਅੱਜ ਵੀ ਤੇਜਾ ਸਿੰਘ ਸਮੁੰਦਰੀ ਹਾਲ, ਖ਼ਜ਼ਾਨਾ ਡਿਉੜੀ ਤੇ ਪਰਿਕਰਮਾ ਵਿਚ ਕਈ ਥਾਵਾਂ 'ਤੇ ਭਾਰਤੀ ਫੌਜ ਦੇ ਤੋਪਾਂ, ਟੈਂਕਾਂ ਤੇ ਭਾਰੀ ਮਸ਼ੀਨਗੰਨਾਂ ਦੇ ਗੋਲਿਆਂ ਤੇ ਗੋਲੀਆਂ ਦੇ ਲੱਗੇ ਨਿਸ਼ਾਨ ਵੱਡੀ ਗਿਣਤੀ ਵਿਚ ਫੌਜ ਨਾਲ ਚੜ੍ਹਦੀ ਕਲਾ ਨਾਲ ਆਪਣੇ ਗੁਰਧਾਮਾਂ ਦੀ ਰਾਖੀ ਅਤੇ ਸਿੱਖ ਪੰਥ ਦੀ ਅਣਖ ਲਈ ਧਰਮ ਯੁੱਧ ਲੜਦਿਆਂ ਕੀਤੇ ਮੁਕਾਬਲੇ ਦੇ ਗਵਾਹ ਹਨ | ਉਨ੍ਹਾਂ ਕਿਹਾ ਫੌਜ ਵਲੋਂ 4 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਪਾਣੀ ਵਾਲੀ ਟੈਂਕੀ 'ਤੇ ਗੋਲੇ ਸੁੱਟ ਕੇ ਸਮੂਹ ਅੰਦਰ ਬਿਜਲੀ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਸੀ | ਇਸ ਸਾਕੇ ਦੌਰਾਨ ਇਕ ਲੱਖ ਤੋਂ ਵੱਧ ਭਾਰਤੀ ਫੌਜ ਤੇ ਨੀਮ ਫੌਜੀ ਦਸਤਿਆਂ ਵਲੋਂ ਹਵਾਈ ਜ਼ਹਾਜ਼ਾਂ ਰਾਹੀਂ ਬੰਬ ਸੁੱਟਣ ਤੋਂ ਇਲਾਵਾ ਸਿੱਖਾਂ ਵਿਰੁੱਧ ਹਰ ਉਸ ਮਾਰੂ ਹਥਿਆਰ ਦੀ ਵਰਤੋਂ ਕੀਤੀ ਸੀ, ਜੋ ਫੌਜ 'ਤੇ ਪੁਲਿਸ ਕੋਲ ਸਨ, ਪਰ ਮੁੱਠੀ ਭਰ ਸਿੰਘਾਂ ਨੇ ਲਗਾਤਾਰ ਤਿੰਨ ਦਿਨ ਭੁੱਖੇ ਪਿਆਸੇ ਹੋਣ ਦੇ ਬਾਵਜੂਦ ਜਨਰਲ ਸ਼ਬੇਗ ਸਿੰਘ ਦੀ ਜ਼ਬਰਦਸਤ ਮੋਰਚਾਬੰਦੀ ਅਤੇ ਆਪਣੇ ਗੁਰੂ ਅਤੇ ਗੁਰਧਾਮਾਂ ਪ੍ਰਤੀ ਜਜ਼ਬੇ ਕਾਰਨ ਸੀਮਤ ਹਥਿਆਰ ਹੋਣ ਦੇ ਬਾਵਜੂਦ ਡਟ ਕੇ ਮੁਕਾਬਲਾ ਕੀਤਾ | ਉਨ੍ਹਾਂ ਕਿਹਾ ਕਿ ਸਿੰਘਾਂ ਦੀ ਬਹਾਦਰੀ ਅਤੇ ਮੋਰਚਾਬੰਦੀ ਦਾ ਜ਼ਿਕਰ ਭਾਰਤੀ ਫੌਜ ਦੇ ਜਨਰਲ ਬਰਾੜ ਵੀ ਕਰ ਚੁੱਕੇ ਹਨ | ਉਨ੍ਹਾਂ ਕਿਹਾ ਕਿ ਸੰਤ ਭਿੰਡਰਾ ਵਾਲਿਆਂ ਦੀ ਅਗਵਾਈ ਵਿਚ ਸਿੰਘਾਂ ਨੇ ਜੋ ਲੜਾਈ ਲੜੀ ਸੀ, ਉਸਦਾ ਅਫਸੋਸ ਨਹੀਂ, ਪਰ ਰੋਸ ਜ਼ਰੂਰ ਹੈ ਕਿ ਇਸ ਦੇਸ਼ ਲਈ ਸਿੱਖਾਂ ਨੇ ਜੋ ਕੁਰਬਾਨੀਆਂ ਦਿੱਤੀਆਂ ਅਤੇ ਆਪਣਾ ਖੂਨ ਡੋਲਿਆ, ਉਸ ਦੇਸ਼ ਦੇ ਸਮੇਂ-ਸਮੇਂ ਦੇ ਹਾਕਮ ਸਿੱਖਾਂ ਦੇ ਖ਼ਿਲਾਫ਼ ਰਹਿੰਦੇ ਹਨ ਤੇ ਅੱਜ ਵੀ ਸਿੱਖ ਕੌਮ ਨਾਲ ਵਿਤਕਰੇ ਜਾਰੀ ਹਨ | ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਮੂਹ 'ਤੇ ਫੌਜੀ ਹਮਲਾ ਟਾਲਿਆ ਜਾ ਸਕਦਾ ਸੀ, ਪਰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੀ ਗੁਆਚਦੀ ਸਿਆਸੀ ਜ਼ਮੀਨ ਨੂੰ ਮਜਬੂਤ ਕਰਨ ਵਾਸਤੇ ਤੇ ਗ਼ੈਰ ਸਿੱਖ ਲੋਕਾਂ ਨੂੰ ਖੁਸ਼ ਕਰਨ ਵਾਲੇ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ ਸੀ | ਉਨ੍ਹਾਂ ਕਿਹਾ ਕਿ ਜੂਨ '84 ਦਾ ਫੌਜੀ ਹਮਲਾ ਅਚਾਨਕ ਨਹੀਂ ਸੀ ਕੀਤਾ ਗਿਆ ਸਗੋਂ ਸਰਕਾਰ ਤੇ ਫੌਜ ਵਲੋਂ ਕਈ ਮਹੀਨੇ ਪਹਿਲਾਂ ਸ੍ਰੀ ਦਰਬਾਰ ਸਾਹਿਬ ਸਮੂਹ ਦਾ ਮਾਡਲ ਤਿਆਰ ਕਰਕੇ ਮਸ਼ਕਾਂ ਕੀਤੀਆਂ ਗਈਆਂ ਸਨ | ਉਨ੍ਹਾਂ ਕਿਹਾ ਕਿ ਆਪਣੇ ਕੌਮੀ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਨ ਹਿਤ ਸ਼ੋ੍ਰਮਣੀ ਕਮੇਟੀ ਵਲੋਂ ਹਰ ਸਾਲ 6 ਜੂਨ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਘੱਲੂਘਾਰਾ ਯਾਦਗਾਰੀ ਸਮਾਗਮ ਕਰਵਾਇਆ ਜਾਂਦਾ ਹੈ |
ਪਿਛਲੀ ਖ਼ਬਰ ਸ਼ਹਿਰ 'ਚ ਦੁੱਧ ਪਦਾਰਥਾਂ 'ਚ ਮਿਲਾਵਟਖੋਰੀ ਜ਼ੋਰਾਂ 'ਤੇ, ਡੇਅਰੀਆਂ ਤੋਂ ਲਏ 12 ਨਮੂਨਿਆਂ 'ਚੋਂ 8 ਨਮੂਨੇ ਹੋਏ ਫੇਲ੍ਹ ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸੰਬੰਧੀ ਹਲਕਾ ਕੇਂਦਰੀ 'ਚ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।