11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸ਼ਹਿਰ 'ਚ ਦੁੱਧ ਪਦਾਰਥਾਂ 'ਚ ਮਿਲਾਵਟਖੋਰੀ ਜ਼ੋਰਾਂ 'ਤੇ, ਡੇਅਰੀਆਂ ਤੋਂ ਲਏ 12 ਨਮੂਨਿਆਂ 'ਚੋਂ 8 ਨਮੂਨੇ ਹੋਏ ਫੇਲ੍ਹ

ਅਜੀਤ ਡੈਸਕ 05-06-2026

ਅੰਮਿ੍ਤਸਰ, 4 ਜੂਨ (ਰੇਸ਼ਮ ਸਿੰਘ)-ਸ਼ਹਿਰ 'ਚ ਵੱਡੀ ਤਾਦਾਦ 'ਚ ਨਕਲੀ ਦੁੱਧ, ਘਿਓ, ਪਨੀਰ, ਦਹੀਂ ਤੇ ਹੋਰ ਪਦਾਰਥਾਂ ਦੀ ਵਿਕਰੀ ਖਿਲਾਫ਼ ਦੋਧੀਆਂ ਵਲੋਂ ਸੜਕਾਂ 'ਤੇ ਦੁੱਧ ਰੋੜੇ ਜਾਣ ਉਪਰੰਤ ਜਾਗੀ ਸਰਕਾਰ ਦੇ ਕਹਿਣ 'ਤੇ ਸਿਹਤ ਵਿਭਾਗ ਵਲੋਂ ਭਾਵੇਂ ਹੁਣ ਖਾਨਾਪੂਰਤੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਡੇਅਰੀਆਂ 'ਤੇ ਨਕਲੀ ਦੁੱਧ ਪਦਾਰਥਾਂ ਦੀ ਵਿਕਰੀ ਹਾਲੇ ਵੀ ਜ਼ੋਰਾਂ 'ਤੇ ਹੈ | ਫੂਡ ਸੇਫਟੀ ਵਿਭਾਗ ਵਲੋਂ ਡੇਅਰੀਆਂ ਤੋਂ ਲਏ ਗਏ 12 ਦੁੱਧ ਪਦਾਰਥਾਂ ਦੇ ਨਮੂਨਿਆਂ 'ਚੋਂ 8 ਫੇਲ ਪਾਏ ਗਏ ਹਨ | ਫੂਡ ਸੇਫਟੀ ਵਿਭਾਗ ਨੇ ਦਸਿਆ ਕਿ ਗਠਿਤ ਕੀਤੀ ਵਿਸ਼ੇਸ਼ ਟੀਮ ਵਲੋਂ ਬੀਤੀ 21 ਮਈ ਨੂੰ ਸ਼ਹਿਰ ਦੀਆਂ ਵੱਖ-ਵੱਖ ਡੇਅਰੀਆਂ ਤੋਂ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤੂਆਂ ਦੇ ਜੋ 12 ਸੈਂਪਲ ਲੈ ਕੇ ਜਾਂਚ ਲਈ ਫੂਡ ਲੈਬਾਰਟਰੀ ਖਰੜ ਵਿਖੇ ਭੇਜੇ ਗਏ ਸਨ, ਉਨ੍ਹਾਂ ਵਿਚੋਂ 2 ਸੈਂਪਲ ਨਾ-ਖਾਣ ਯੋਗ ਅਤੇ 6 ਸੈਂਪਲ ਗ਼ੈਰ-ਮਿਆਰੀ ਪਾਏ ਗਏ ਹਨ | ਬਾਕੀ ਬਚੇ ਕੇਵਲ 4 ਨਮੂਨੇ ਹੀ ਪਾਸ ਹੋਏ ਹਨ | ਫੇਲ ਹੋਏ ਨਮੂਨਿਆਂ ਸੰਬੰਧੀ ਡਾ. ਜੀ. ਐੱਸ. ਪੰਨੂ ਸਹਾਇਕ ਕਮਿਸ਼ਨਰ ਫੂਡ ਨੇ 21 ਮਈ ਨੂੰ ਗਿੱਲ ਡੇਅਰੀ, ਅੱਡਾ ਗੌਂਸਾਬਾਦ ਰਾਮ ਤੀਰਥ ਰੋਡ ਤੋਂ ਪਨੀਰ ਦੇ ਦੋ ਨਮੂਨੇ ਲਏ ਸਨ ਜਿਨ੍ਹਾਂ ਵਿਚੋਂ ਇਕ ਨਾ-ਖਾਣਯੋਗ ਅਤੇ 1 ਗ਼ੈਰ ਮਿਆਰੀ ਪਾਇਆ ਗਿਆ ਹੈ | ਇਸੇ ਤਰ੍ਹਾਂ ਗੁਰੂ ਨਾਨਕ ਡੇਅਰੀ ਰਾਮ ਤੀਰਥ ਰੋਡ, ਪੁਤਲੀਘਰ ਤੋਂ ਦੁੱਧ ਦਾ ਸੈਂਪਲ ਗ਼ੈਰ ਮਿਆਰੀ ਪਾਇਆ ਗਿਆ ਹੈ | ਡਾ: ਪੰਨੂੰ ਨੇ ਦਸਿਆ ਕਿ ਗੁਰੂ ਡੇਅਰੀ ਪੁਤਲੀ ਘਰ ਦਾ 1 ਪਨੀਰ ਦਾ ਅਤੇ 1 ਦੁੱਧ ਦਾ ਸੈਂਪਲ ਵੀ ਗ਼ੈਰ-ਮਿਆਰੀ ਪਾਇਆ ਗਿਆ ਹੈ | ਇਸੇ ਤਰ੍ਹਾਂ ਸ਼ਰਮਾ ਡੇਅਰੀ ਪੁਤਲੀਘਰ ਤੋਂ ਦਹੀਂ ਦਾ ਇਕ ਸੈਂਪਲ ਗ਼ੈਰ-ਮਿਆਰੀ ਪਾਇਆ ਗਿਆ ਹੈ | ਛਾਬੜਾ ਡੇਅਰੀ ਪੁਤਲੀਘਰ ਤੋਂ ਪਨੀਰ ਦਾ ਇਕ ਸੈਂਪਲ ਲਿਆ ਗਿਆ ਸੀ, ਜੋ ਗ਼ੈਰ-ਮਿਆਰੀ ਪਾਇਆ ਗਿਆ ਹੈ | ਡਾ. ਪੰਨੂ ਨੇ ਅੱਗੇ ਦੱਸਿਆ ਕਿ ਢਿਲੋਂ ਡੇਅਰੀ ਇੰਡੀਆ ਗੇਟ ਤੋਂ ਲਿਆ ਗਿਆ ਪਨੀਰ ਦਾ ਸੈਂਪਲ ਨਾ-ਖਾਣ ਯੋਗ ਪਾਇਆ ਗਿਆ ਹੈ, ਜਿਨ੍ਹਾਂ ਡੇਅਰੀਆਂ ਦੇ ਸੈਂਪਲ ਫੇਲ ਪਾਏ ਗਏ ਹਨ ਉਨ੍ਹਾਂ ਦੇ ਵਿਰੁੱਧ ਫੂਡ ਸੇਫ਼ਟੀ ਵਿਭਾਗ ਵਲੋਂ ਬਣਦੀ ਫੂਡ ਸੇਫ਼ਟੀ ਤੇ ਸਟੈਂਡਰਡ ਐਕਟ-2006 ਅਧੀਨ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਖਾਣ-ਪੀਣ ਦੀਆਂ ਵਸਤਾਂ ਵਿਚ ਮਿਲਾਵਟਖੋਰੀ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਖਾਣ ਵਾਲੀ ਵਸਤੂ ਖਰੀਦਣ ਤੋਂ ਪਹਿਲਾਂ ਉਹ ਖੁਦ ਵੀ ਜਾਂਚ ਕਰਨ ਕਿ ਕੀ ਇਹ ਵਸਤੂ ਸਾਫ਼-ਸੁਥਰੀ ਜਗ੍ਹਾ ਅਤੇ ਭਰੋਸੇਮੰਦ ਵਿਅਕਤੀ ਕੋਲੋਂ ਹੀ ਲੈ ਰਹੇ ਹਨ ਤਾਂ ਜੋ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖਿਆ ਜਾ ਸਕੇ |

ਪਿਛਲੀ ਖ਼ਬਰ ਨਿਊਜ਼ੀਲੈਂਡ ਦੇ ਨਿਰੰਤਰ ਵੀਜ਼ੇ ਲਗਵਾ ਕੇ ਗੈਵੀ ਕਲੇਰ ਨੇ ਵਿਦਿਆਰਥੀਆਂ ਦਾ ਭਰੋਸਾ ਜਿੱਤਿਆ <br/> ਅਗਲੀ ਖ਼ਬਰ ਜੂਨ 1984 ਘੱਲੂਘਾਰਾ 'ਤੇ ਵਿਸ਼ੇਸ਼ : 6 ਜੂਨ '84 ਦਾ ਦਿਨ ਸਿੱਖਾਂ ਲਈ ਅਫ਼ਸੋਸ ਦਾ ਨਹੀਂ, ਬਲਕਿ ਰੋਸ ਦਾ ਦਿਨ ਹੈ- ਭਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।