ਪੱਟੀ, 4 ਜੂਨ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪਾਵਰਕਾਮ ਆਊਟ ਸੋਰਸ ਸਪੋਟ ਬਿਲਿੰਗ ਮੀਟਰ ਰੀਡਰ ਯੂਨੀਅਨ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਵੈਦ ਦੀ ਅਗਵਾਈ ਵਿਚ ਯੂਨੀਅਨ ਦੀ ਮੀਟਿੰਗ ਹੋਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਦੀਪ ਸਿੰਘ ਪੱਟੀ ਨੇ ਦੱਸਿਆ ਕਿ ਪ੍ਰਧਾਨ ਲਖਵਿੰਦਰ ਸਿੰਘ ਵੈਦ ਨੇ ਮੀਟਿੰਗ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵਲੋਂ ਖਤਰਨਾਕ ਅਤੇ ਜੋਖਮ ਭਰੀਆਂ ਨੌਕਰੀਆਂ ਵਿਚ ਕੰਮ ਕਰਦੇ ਆਊਟਸੋਰਸ ਕਾਮਿਆਂ ਲਈ ਸੇਵਾ ਸਮੇਂ ਦੇ ਅਧਾਰ 'ਤੇ ਵਿਸ਼ੇਸ਼ ਨੀਤੀਆਂ ਬਣਾਈਆਂ ਗਈਆਂ ਹਨ | ਮੀਟਰ ਰੀਡਰ ਦੀ ਡਿਊਟੀ ਵੀ ਬਹੁਤ ਹੀ ਜੋਖ਼ਮ ਭਰੀ ਹੈ, ਕਿਉਂਕਿ ਮੀਟਰ ਰੀਡਰਾਂ ਨੂੰ ਹਰ ਰੋਜ਼ ਤਿੱਖੀ ਧੁੱਪ, ਮੀਂਹ, ਠੰਢ, ਹਨੇਰੇ ਅਤੇ ਵੱਖ-ਵੱਖ ਮੌਸਮੀ ਹਾਲਾਤਾਂ ਵਿਚ ਘਰ-ਘਰ ਜਾ ਕੇ ਕੰਮ ਕਰਨਾ ਪੈਂਦਾ ਹੈ, ਜਿਸ ਨਾਲ ਸਰੀਰਕ ਅਤੇ ਮਾਨਸਿਕ ਜੋਖਮ ਹੋਰ ਵੱਧ ਜਾਂਦਾ ਹੈ | ਇਸ ਲਈ ਮੀਟਰ ਰੀਡਰਾਂ ਦੀ ਸੇਵਾ ਨੂੰ ਵੀ ਇਕ ਜੋਖਮ ਭਰੀ ਸੇਵਾ ਮੰਨਦਿਆਂ ਉਨ੍ਹਾਂ ਨੂੰ ਬਣਦੀਆਂ ਸਹੂਲਤਾਂ ਅਤੇ ਨੀਤੀਆਂ ਦਾ ਲਾਭ ਦਿੱਤਾ ਜਾਣਾ ਚਾਹੀਦਾ ਸੀ, ਜੋ ਕਿ ਜਥੇਬੰਦੀ ਨੂੰ 1 ਜੂਨ ਨੂੰ ਹੋਈ ਮੀਟਿੰਗ ਵਿਚ ਨਹੀਂ ਦਿੱਤਾ ਗਿਆ ਅਤੇ ਆਊਟਸੋਰਸ ਦੀ ਨੀਤੀ ਨੂੰ ਪੂਰਨ ਤੌਰ 'ਤੇ ਖਤਮ ਕਰ ਕੇ ਸਾਰੇ ਸਪੋਟ ਬਿਲਿੰਗ ਦਾ ਕੰਮ ਕਰ ਰਹੇ ਕਾਮਿਆਂ ਨੂੰ ਇਸ ਪਾਲਿਸੀ ਵਿਚ ਨਹੀਂ ਲਿਆ ਗਿਆ, ਜਿਸ ਦਾ ਲੋਕਾਂ ਦੇ ਮਨਾਂ ਵਿਚ ਸਰਕਾਰ, ਮਹਿਕਮੇ ਪ੍ਰਤੀ ਭਾਰੀ ਰੋਸ ਹੈ | ਇਸ ਕਾਰਨ ਜਥੇਬੰਦੀ ਮੰਗਾ ਦਾ ਹੱਲ ਹੋਣ ਤੱਕ ਆਪਣੀ ਹੜਤਾਲ ਨੂੰ ਸਮਾਪਤ ਨਹੀਂ ਕਰੇਗੀ ਅਤੇ 5 ਜੂਨ 2026 ਨੂੰ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਬਿਜਲੀ ਮੰਤਰੀ ਦੀ ਰਿਹਾਇਸ਼ (ਖੰਨਾ) ਵਿਖੇ ਘਿਰਾਓ ਕੀਤਾ ਜਾਵੇਗਾ, ਜਿਸ ਵਿਚ ਹੋਣ ਵਾਲੇ ਨੁਕਸਾਨ ਦੀ ਜਿੰਮੇਵਾਰੀ ਮਹਿਕਮੇ, ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ | ਇਸ ਸਮੇਂ ਜਗਸੀਰ ਸਿੰਘ ਬਰਨਾਲਾ, ਗੁਰਵਿੰਦਰ ਸਿੰਘ ਕਾਹਲੋਂ, ਬਲਕਾਰ ਸਿੰਘ, ਕਰਮਜੀਤ ਸਿੰਘ, ਜਗਜੀਤ ਸਿੰਘ ਖੰਨਾ, ਮੋਲਕਦੀਪ ਰੰਧਾਵਾ, ਅਵਤਾਰ ਸਿੰਘ, ਮਨਜਿੰਦਰ ਸਿੰਘ ਤੇ ਹੋਰ ਹਾਜ਼ਰ ਸਨ |