09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਗੁਰਦੁਆਰਾ ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ ਵਿਖੇ 12 ਤੇ 14 ਜੂਨ ਨੂੰ ਮਨਾਇਆ ਜਾਵੇਗਾ 'ਫ਼ਤਹਿ ਦਿਵਸ'

ਅਜੀਤ ਡੈਸਕ 09-06-2026
ਅੰਮਿ੍ਤਸਰ, 8 ਜੂਨ (ਜਸਵੰਤ ਸਿੰਘ ਜੱਸ)-ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਮੁਗ਼ਲ ਹਕੂਮਤ ਵਿਰੁੱਧ ਗੁਰੂ ਨਗਰੀ ਵਿਚ ਲੜੀ ਗਈ 'ਪਹਿਲੀ ਜੰਗ' ਵਿਚ ਪ੍ਰਾਪਤ ਕੀਤੀ 'ਪਹਿਲੀ ਫ਼ਤਹਿ' ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁ: ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ ਵਲੋਂ ਸ਼ੋ੍ਰਮਣੀ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਗੁਰਦੁਆਰਾ ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਸਲਾਨਾ 'ਫ਼ਤਹਿ ਦਿਵਸ' 12 ਅਤੇ 14 ਜੂਨ ਨੂੰ ਸ਼ਰਧਾ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ | ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁ: ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ ਦੇ ਪ੍ਰਬੰਧਕਾਂ ਭਾਈ ਸੁਰਜੀਤ ਸਿੰਘ, ਬਲਵਿੰਦਰ ਸਿੰਘ, ਕੁਲਵੰਤ ਸਿੰਘ ਬਿੱਟੂ ਤੇ ਹਰਿੰਦਰ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਫ਼ਤਹਿ ਦਿਵਸ ਦੇ ਪਹਿਲੇ ਦਿਨ 12 ਜੂਨ ਨੂੰ ਗਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਚਾਟੀਵਿੰਡ ਚੌਕ ਤੋਂ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਵੇਰੇ 9 ਵਜੇ ਅਰੰਭ ਹੋਵੇਗਾ, ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੇ ਇਲਾਕਿਆਂ ਤੋਂ ਹੁੰਦਾ ਹੋਇਆ ਬਾਅਦ ਦੁਪਹਿਰ ਸਮੇਂ ਗੁ: ਕਿਲ੍ਹਾ ਸ੍ਰੀ ਲੋਹਗੜ ਸਾਹਿਬ ਵਿਖੇ ਪੁੱਜ ਕੇ ਸੰਪੂਰਨ ਹੋਵੇਗਾ | ਧਾਰਮਿਕ ਸਭਾ ਸੁਸਾਇਟੀਆਂ ਤੇ ਸੰਗਤਾਂ ਤੋਂ ਇਲਾਵਾ ਨਿਹੰਗ ਸਿੰਘ ਜਥੇਬੰਦੀਆਂ ਵੀ ਹਾਥੀਆਂ, ਘੋੜਿਆਂ 'ਤੇ ਸਵਾਰ ਹੋ ਕੇ ਨਗਰ ਕੀਰਤਨ ਦੀ ਸ਼ੋਭਾ ਵਧਾਉਣਗੀਆਂ | ਉਨ੍ਹਾਂ ਦੱਸਿਆ ਕਿ 14 ਜੂਨ ਐਤਵਾਰ ਨੂੰ ਗੁ: ਸ੍ਰੀ ਲੋਹਗੜ੍ਹ ਸਾਹਿਬ ਵਿਖੇ ਅੰਮਿ੍ਤ ਵੇਲੇ ਤੋਂ ਸਵੇਰੇ 10 ਵਜੇ ਤੱਕ ਗੁਰਮਤਿ ਸਮਾਗਮ ਸਜਾਏ ਜਾਣਗੇ | ਜਿਨ੍ਹਾਂ ਵਿਚ ਸਿੰਘ ਸਾਹਿਬਾਨ ਤੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਤੋਂ ਇਲਾਵਾ ਪੰਥ ਪ੍ਰਸਿੱਧ ਰਾਗੀ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ ਸ਼ਾਮ 4 ਵਜੇ ਤੋਂ ਦੇਰ ਅੱਧੀ ਰਾਤ ਤੱਕ ਮਹਾਨ ਗੁਰਮਤਿ ਸਮਾਗਮ ਦੌਰਾਨ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ, ਭਾਈ ਗੁਰਇਕਬਾਲ ਸਿੰਘ, ਭਾਈ ਅਮਨਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਗੁਰਦੇਵ ਸਿੰਘ ਆਸਟਰੇਲੀਆ, ਭਾਈ ਹਰਜੋਤ ਸਿੰਘ ਜ਼ਖਮੀਂ ਜਲੰਧਰ, ਗਿਆਨੀ ਸੁਖਬੀਰ ਸਿੰੰਘ ਕਵੀਸ਼ਰੀ ਜਥਾ, ਬਾਬਾ ਬਿਧੀ ਚੰਦ ਜੀ ਗੁਰਮਤਿ ਸੰਗੀਤ ਵਿਦਿਆਲਾ ਸੁਰ ਸਿੰਘ ਤੇ ਗਿਆਨੀ ਵਿਸ਼ਾਲ ਸਿੰਘ ਕਥਾ ਕੀਰਤਨ ਦੀ ਛਹਿਬਰ ਲਾਉਣਗੇ |


ਪਿਛਲੀ ਖ਼ਬਰ ਕੇਂਦਰੀ ਰਾਜ ਮੰਤਰੀ ਤੋਖਣ ਸਾਹੂ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਨਗਰ ਨਿਗਮ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਨਾਜਾਇਜ਼ ਕਬਜ਼ਿਆਂ ਖਿਲਾਫ਼ ਮੁਹਿੰਮ ਚਲਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।