03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਯੂਨੀਵਰਸਿਟੀ ਦੇ ਖੋਜਾਰਥੀ ਨੇ ਚੀਨ ’ਚ 26ਵੇਂ ਟੈਟਰਾਹੀਡਰਨ ਸਿਮਪੋਜ਼ਿਅਮ ’ਚ ਭਾਰਤ ਦੀ ਕੀਤੀ ਨੁਮਾਇੰਦਗੀ

ਅਜੀਤ ਡੈਸਕ 23-06-2026

ਅੰਮ੍ਰਿਤਸਰ, 22 ਜੂਨ (ਰਾਜੇਸ਼ ਕੁਮਾਰ ਸ਼ਰਮਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਿਜ਼ ਵਿਭਾਗ ਦੇ ਖੋਜਾਰਥੀ ਕਰਨਵੀਰ ਸਿੰਘ ਨੇ ਚੀਨ ਦੇ ਸ਼ੇਨਜ਼ੇਨ ‘ਚ ਆਯੋਜਿਤ 26ਵੇਂ ਟੈਟਰਾਹੀਡਰਨ ਸਿਮਪੋਜ਼ਿਅਮ ‘ਚ ਭਾਰਤ ਦੀ ਸ਼ਾਨਦਾਰ ਨੁਮਾਇੰਦਗੀ ਕਰਕੇ ਯੂਨੀਵਰਸਿਟੀ ਦਾ ਮਾਣ ਵਧਾਇਆ। ਇਹ ਅੰਤਰਰਾਸ਼ਟਰੀ ਸਿਮਪੋਜ਼ਿਅਮ ਵਿਸ਼ਵ ਭਰ ਦੇ ਪ੍ਰਸਿੱਧ ਵਿਗਿਆਨੀਆਂ, ਖੋਜਕਰਤਾਵਾਂ ਤੇ ਅਕਾਦਮਿਕ ਵਿਦਵਾਨਾਂ ਨੂੰ ਇਕ ਮੰਚ ‘ਤੇ ਇਕੱਠਾ ਕਰਦਾ ਹੈ, ਜਿੱਥੇ ਦਵਾਈ ਸਬੰਧੀ ਰਸਾਇਣ ਅਤੇ ਸੰਬੰਧਿਤ ਖੇਤਰਾਂ ‘ਚ ਹੋ ਰਹੀਆਂ ਨਵੀਆਂ ਖੋਜਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਂਦਾ ਹੈ। ਕਰਨਵੀਰ ਸਿੰਘ, ਪ੍ਰੋਫੈਸਰ ਪ੍ਰੀਤ ਮੋਹਿੰਦਰ ਸਿੰਘ ਬੇਦੀ ਦੀ ਦੇਖ-ਰੇਖ ਹੇਠ ਡਾਕਟਰੇਟ ਦੀ ਖੋਜ ਕਰ ਰਹੇ ਹਨ। ਇਸ ਮਹੱਤਵਪੂਰਨ ਵਿਗਿਆਨਕ ਸਮਾਗਮ ‘ਚ ਹਿੱਸਾ ਲੈਣ ਨਾਲ ਉਨ੍ਹਾਂ ਨੂੰ ਵਿਸ਼ਵ ਪੱਧਰੀ ਖੋਜਕਰਤਾਵਾਂ ਨਾਲ ਸੰਵਾਦ ਕਰਨ, ਵਿਗਿਆਨਕ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਤੇ ਨਵੀਆਂ ਖੋਜੀ ਤਰੱਕੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਸਿਮਪੋਜ਼ਿਅਮ ਦੌਰਾਨ ਕਰਨਵੀਰ ਸਿੰਘ ਨੇ ਆਪਣੇ ਖੋਜ ਕਾਰਜ ਸੰਬੰਧੀ ਵਿਗਿਆਨਕ ਪੋਸਟਰ ਪੇਸ਼ ਕੀਤਾ, ਜਿਸ ‘ਚ ਯੂਰਿਕ ਐਸਿਡ ਦੇ ਉਤਪਾਦਨ ਨੂੰ ਰੋਕਣ ਵਾਲੇ ਨਵੇਂ ਰਸਾਇਣਿਕ ਅਣੂਆਂ ਦੀ ਬਣਤਰ, ਸੰਸ਼ਲੇਸ਼ਣ ਅਤੇ ਜੈਵਿਕ ਪ੍ਰਭਾਵਸ਼ੀਲਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੀ ਇਸ ਖੋਜ ਨੇ ਅੰਤਰਰਾਸ਼ਟਰੀ ਵਿਗਿਆਨਕ ਭਾਈਚਾਰੇ ਦਾ ਖਾਸ ਧਿਆਨ ਖਿੱਚਿਆ। ਕਰਨਵੀਰ ਸਿੰਘ ਨੇ ਦੱਸਿਆ ਕਿ ਮਨੁੱਖੀ ਸਰੀਰ ‘ਚ ਪਿਊਰੀਨ ਮੈਟਾਬੋਲਿਜ਼ਮ ਦੇ ਅੰਤਿਮ ਉਤਪਾਦ ਵਜੋਂ ਯੂਰਿਕ ਐਸਿਡ ਬਣਦਾ ਹੈ। ਜਦੋਂ ਇਸ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਇਸ ਨੂੰ ਹਾਈਪਰਯੂਰੀਸੀਮੀਆ ਕਿਹਾ ਜਾਂਦਾ ਹੈ, ਜੋ ਗਾਊਟ, ਗੁਰਦਿਆਂ ਦੀ ਕਾਰਗੁਜ਼ਾਰੀ ‘ਚ ਗੜਬੜ, ਦਿਲ ਦੀਆਂ ਬਿਮਾਰੀਆਂ ਤੇ ਹੋਰ ਮੈਟਾਬੋਲਿਕ ਰੋਗਾਂ ਦਾ ਕਾਰਨ ਬਣ ਸਕਦਾ ਹੈ। ਇਸ ਲਈ ਯੂਰਿਕ ਐਸਿਡ ਬਣਾਉਣ ‘ਚ ਭੂਮਿਕਾ ਨਿਭਾਉਣ ਵਾਲੇ ਜ਼ੈਂਥੀਨ ਆਕਸੀਡੇਜ਼ ਐਂਜ਼ਾਈਮ ਨੂੰ ਇਲਾਜ ਲਈ ਮਹੱਤਵਪੂਰਨ ਨਿਸ਼ਾਨਾ ਮੰਨਿਆ ਜਾਂਦਾ ਹੈ। ਪ੍ਰੋਫੈਸਰ ਪ੍ਰੀਤ ਮੋਹਿੰਦਰ ਸਿੰਘ ਬੇਦੀ ਦੀ ਖੋਜ ਪ੍ਰਯੋਗਸ਼ਾਲਾ ਲੰਬੇ ਸਮੇਂ ਤੋਂ ਅਜਿਹੇ ਨਵੇਂ ਜੈਵਿਕ ਤੌਰ ‘ਤੇ ਪ੍ਰਭਾਵਸ਼ਾਲੀ ਅਣੂ ਵਿਕਸਿਤ ਕਰਨ ‘ਚ ਲੱਗੀ ਹੋਈ ਹੈ, ਜੋ ਯੂਰਿਕ ਐਸਿਡ ਦੀ ਮਾਤਰਾ ਨੂੰ ਨਿਯੰਤਰਿਤ ਕਰ ਸਕਣ। ਕਰਨਵੀਰ ਸਿੰਘ ਨੇ ਇਸ ਮੌਕੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ ਕਰਮਜੀਤ ਸਿੰਘ ਅਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਆਪਣੇ ਖੋਜ ਨਿਰਦੇਸ਼ਕ ਪ੍ਰੋਫੈਸਰ ਪ੍ਰੀਤ ਮੋਹਿੰਦਰ ਸਿੰਘ ਬੇਦੀ ਦਾ ਲਗਾਤਾਰ ਮਾਰਗਦਰਸ਼ਨ, ਉਤਸ਼ਾਹ ਅਤੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਨੇ ਪ੍ਰੋਫੈਸਰ ਡਾ. ਕਰਮਜੀਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮਾਰਗਦਰਸ਼ਨ ਹੇਠ ਯੂਨੀਵਰਸਿਟੀ ਵਿੱਚ ਉੱਚ ਪੱਧਰੀ ਖੋਜ ਅਤੇ ਅਕਾਦਮਿਕ ਮਾਹੌਲ ਉਪਲਬਧ ਹੈ।ਇਹ ਉਪਲਬਧੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੀ ਵਧ ਰਹੀ ਅੰਤਰਰਾਸ਼ਟਰੀ ਪਛਾਣ ਨੂੰ ਦਰਸਾਉਂਦੀ ਹੈ ਤੇ ਯੂਨੀਵਰਸਿਟੀ ਦੀ ਖੋਜ, ਨਵੀਨਤਾ ਅਤੇ ਵਿਸ਼ਵ ਪੱਧਰੀ ਵਿਗਿਆਨਕ ਸਹਿਭਾਗਿਤਾ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੀ ਹੈ।

ਪਿਛਲੀ ਖ਼ਬਰ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੂੰ ਮਿਲਣ ਤੋਂ ਬਾਅਦ ਅਕਸ਼ੈ ਸ਼ਰਮਾ ਨੇ ਸ਼ੁਰੂ ਕੀਤੀ ਚੋਣ ਤਿਆਰੀ ਅਗਲੀ ਖ਼ਬਰ ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।