30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਕਰਤਾਰਪੁਰ ਸਾਹਿਬ ਲਾਂਘੇ ਤੋਂ ਇਲਾਵਾ, ਵਪਾਰ ਅਤੇ ਯਾਤਰਾ ਲਈ ਅਟਾਰੀ-ਵਾਹਗਾ ਸਰਹੱਦ ਨੂੰ ਮੁੜ ਖੋਲ੍ਹਿਆ ਜਾਵੇ-ਦਲ ਖ਼ਾਲਸਾ

ਅਜੀਤ ਡੈਸਕ 03-07-2026

ਅੰਮ੍ਰਿਤਸਰ, 2 ਜੁਲਾਈ (ਜਸਵੰਤ ਸਿੰਘ ਜੱਸ)-ਗਰਮ ਖ਼ਿਆਲੀ ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਭਾਰਤ ਅਤੇ ਪਾਕਿਸਤਾਨ ਦੇ 117 ਦੇ ਕਰੀਬ ਪ੍ਰਮੁੱਖ ਸਿਆਸਤਦਾਨਾਂ, ਸਾਬਕਾ ਸੀਨੀਅਰ ਡਿਪਲੋਮੈਟਾਂ ਅਤੇ ਸਿਵਲ ਸੁਸਾਇਟੀ ਆਗੂਆਂ ਦੀ ਦੋਹਾਂ ਮੁਲਕਾਂ ਵਿਚਾਲੇ ਦੁਵੱਲੀ ਗੱਲਬਾਤ ਮੁੜ ਸ਼ੁਰੂ ਕਰਨ, ਵਪਾਰ ਅਤੇ ਆਵਾਜਾਈ ਸੰਪਰਕਾਂ ਨੂੰ ਮੁੜ ਖੋਲ੍ਹਣ ਕੀਤੀ ਸਾਂਝੀ ਪਹਿਲਕਦਮੀ ਨੂੰ ਸਹੀ ਦਿਸ਼ਾ ਵਿਚ ਤੇ ਸਹੀ ਸਮੇਂ ਚੁੱਕਿਆ ਗਿਆ ਕਦਮ ਕਰਾਰ ਦਿੱਤਾ ਹੈ। ਜਥੇਬੰਦੀ ਦੇ ਸਕੱਤਰ ਜਨਰਲ ਸ. ਕੰਵਰਪਾਲ ਸਿੰਘ ਨੇ ਕਿਹਾ ਕਿ ਦੋਹਾਂ ਮੁਲਕਾਂ ਦੀਆਂ ਉਕਤ ਪਹਿਲਕਦਮੀ ਕਰਨ ਵਾਲੀਆਂ 117 ਪ੍ਰਮੁੱਖ ਸ਼ਖ਼ਸੀਅਤਾਂ ਵਿਚ ਭਾਰਤ ਤੋਂ 61 ਅਤੇ ਪਾਕਿਸਤਾਨ ਤੋਂ 56 ਦੁਆਰਾ ਖੁੱਲ੍ਹੇ ਪੱਤਰ ‘ਤੇ ਦਸਤਖ਼ਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮਹੱਤਵਪੂਰਨ ਗੱਲ ਇਹ ਹੈ ਕਿ ਦਸਤਖਤ ਕਰਨ ਵਾਲਿਆਂ ਵਿਚ ਵੱਖਵਾਦੀ ਨੇਤਾ ਮੀਰ ਵਾਇਜ਼ ਉਮਰ ਫਾਰੂਕ, ਜੰਮੂ-ਕਸ਼ਮੀਰ ਦੇ ਦੋ ਸਾਬਕਾ ਮੁੱਖ ਮੰਤਰੀ, ਸਾਬਕਾ ਰਾਅ ਮੁਖੀ (ਜੋ ਸ੍ਰੀ ਵਾਜਪਾਈ ਦੇ ਸ਼ਾਸਨ ਦੌਰਾਨ ਪੀ.ਐਮ.ਓ. ਵਿਚ ਕਸ਼ਮੀਰ ਡਿਵੀਜ਼ਨ ਦੀ ਅਗਵਾਈ ਕਰਦੇ ਸਨ), ਦੇ ਨਾਮ ਸ਼ਾਮਿਲ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਸੰਤੁਸ਼ਟੀ ਪ੍ਰਗਟ ਕੀਤੀ ਕਿ ਪੱਤਰ ਵਿਚ ਕਰਤਾਰਪੁਰ ਸਾਹਿਬ ਲਾਂਘੇ ਨੂੰ ਦੁਬਾਰਾ ਖੋਲ੍ਹਣ ਦੀ ਮੰਗ ਕੀਤੀ ਗਈ ਹੈ। ਦੋਵਾਂ ਪਾਸਿਆਂ ਦੇ ਲੋਕਾਂ ਨੇ ਜੰਮੂ ਅਤੇ ਕਸ਼ਮੀਰ ‘ਤੇ ਵਿਚਾਰ-ਵਟਾਂਦਰੇ ਦੀ ਮੰਗ ਕਰਦੇ ਹੋਏ ਇਕ ਸੰਵੇਦਨਸ਼ੀਲ ਤੰਦ ਨੂੰ ਛੂਹਿਆ ਹੈ, ਜਿਸ ਵਿਚ 2004 ਅਤੇ 2007 ਵਿਚਕਾਰ ਗੱਲਬਾਤ ਕੀਤੇ ਗਏ ਅਸੂਲਾਂ ‘ਤੇ ਮੁੜ ਵਿਚਾਰ ਕਰਨ ਦੇ ਨਾਲ-ਨਾਲ, ਫੌਜੀਕਰਨ ਅਤੇ ਡੀ-ਐਸਕੇਲੇਸ਼ਨ ਵੱਲ ਕਦਮ ਚੁੱਕਣਾ ਸ਼ਾਮਲ ਹੈ। ਉਨ੍ਹਾਂ ਕਿਹਾ ਇਸ ਤੋਂ ਇਲਾਵਾ ਅਸੀਂ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਗੁਰਦੁਆਰਿਆਂ ਦੇ ਦਰਸ਼ਨ, ਦੁਵੱਲਾ ਵਪਾਰ ਅਤੇ ਆਰਥਿਕ ਤਰੱਕੀ ਲਈ ਅਟਾਰੀ-ਵਾਹਗਾ ਸਰਹੱਦ ਖੋਲ੍ਹਣ ਦੀ ਵੀ ਮੰਗ ਕਰਦੇ ਹਾਂ। ਉਨ੍ਹਾਂ ਅਮਰੀਕਾ ਅਤੇ ਈਰਾਨ ਵਿਚਕਾਰ ਜੰਗਬੰਦੀ ਵਿਚ ਪਾਕਿਸਤਾਨ ਵਲੋਂ ਨਿਭਾਈ ਸਰਗਰਮ ਭੂਮਿਕਾ ਦੀ ਪ੍ਰਸ਼ੰਸਾ ਕਰਦਿਆਂ ਤੇ ਨਵੀਂ ਦਿੱਲੀ ਨੂੰ ਇਸਲਾਮਾਬਾਦ ਪ੍ਰਤੀ ਆਪਣੀ ਸੰਕੀਰਨ ਅਤੇ ਕੱਟੜ ਮਾਨਸਿਕਤਾ ਨੂੰ ਤਿਆਗਣ ਦੀ ਵੀ ਅਪੀਲ ਕਰਦਿਆਂ ਕਿਹਾ ਕਿ ਦੋਵਾਂ ਕੱਟੜ ਪ੍ਰਮਾਣੂ ਵਿਰੋਧੀਆਂ ਨੂੰ ਜੰਗ ਵਰਗੇ ਤਣਾਅ ਨੂੰ ਖ਼ਤਮ ਕਰਨ ਲਈ ਦਿਲਾਂ ਦੇ ਦਰਵਾਜ਼ੇ ਖੋਲ੍ਹਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੱਖਣੀ ਏਸ਼ੀਆ ਵਿਚ ਸਥਿਰਤਾ ਅਤੇ ਖੁਸ਼ਹਾਲੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਅਮਨ ਅਤੇ ਸ਼ਾਂਤੀ ‘ਤੇ ਨਿਰਭਰ ਕਰਦੀ ਹੈ।

ਪਿਛਲੀ ਖ਼ਬਰ ਨਿਕਾਸੀ ਪ੍ਰਬੰਧਾਂ ਦੀ ਖੁੱਲ੍ਹੀ ਪੋਲ, ਸੜਕਾਂ ’ਤੇ ਭਰਿਆ ਮੀਂਹ ਦਾ ਪਾਣੀ ਅਗਲੀ ਖ਼ਬਰ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਮਹਿਲਾਵਾਂ ਦੇ ਸਨਮਾਨ ਲਈ ਇਤਿਹਾਸਕ ਫੈਸਲਾ-ਚੇਅਰਮੈਨ ਛੀਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।