ਅੰਮ੍ਰਿਤਸਰ, 31 ਜੁਲਾਈ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਦੇ ਵਿਦਿਆਰਥੀ ਨੇ ਦੁਬਈ ਵਿਖੇ ਮੁੱਕੇਬਾਜ਼ੀ ਦੇ ਹੋਏ ਪ੍ਰੋਫੈਸ਼ਨਲ ਮੁਕਾਬਲੇ ‘ਚ ਕੇਮਰੂਨ ਦੇ 8 ਪ੍ਰਤੀਯੋਗਿਤਾਵਾਂ ‘ਚ ਜਿੱਤ ਦਰਜ ਕਰਵਾਉਣ ਵਾਲੇ ਮੁੱਕੇਬਾਜ਼ ਨੂੰ ਚਿੱਤ ਕਰਕੇ ਕਾਲਜ, ਜ਼ਿਲ੍ਹੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਵਿਦਿਆਰਥੀ ਨਵਰੂਪ ਸਿੰਘ ਨੇ ਕੈਮਰੂਨ ਦੇ ਜੂਨੀਅਰ ਮੇਸੀ ਨੂੰ ਫਾਈਨਲ ‘ਚ 6 ਰਾਊਂਡ ਦੇ ਮੁਕਾਬਲੇ ਵਿਚ ਹਰਾ ਕੇ ਫ਼ਤਿਹ ਹਾਸਿਲ ਕੀਤੀ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਖਿਡਾਰੀ ਨਵਰੂਪ ਸਿੰਘ ਨੂੰ ਇਸ ਜਿੱਤ ‘ਤੇ ਮੁਬਾਰਕਬਾਦ ਦਿੰਦਿਆਂ ਮੂੰਹ ਮਿੱਠਾ ਕਰਵਾਇਆ। ਉਨ੍ਹਾਂ ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ ਅਤੇ ਬਾਕਸਿੰਗ ਕੋਚ ਸ: ਬਲਜਿੰਦਰ ਸਿੰਘ ਦੁਆਰਾ ਵਿਦਿਆਰਥੀ ਨੂੰ ਕਰਵਾਏ ਸਖ਼ਤ ਅਭਿਆਸ ਦੀ ਸ਼ਲਾਘਾ ਕਰਦਿਆਂ ਜਾਣਕਾਰੀ ਦਿੱਤੀ ਕਿ ਨਵਰੂਪ ਸਿੰਘ ਜੋ ਕਿ ਕਾਲਜ ਵਿਖੇ ਬੀ. ਏ. ਤੀਜੇ ਸਾਲ ਦਾ ਹੋਣਹਾਰ ਵਿਦਿਆਰਥੀ ਹੈ, ਨੇ 69 ਕਿਲੋ ਭਾਰ ਵਰਗ ‘ਚ ਜਿੱਤ ਹਾਸਿਲ ਕਰ ਕੇ ਕਾਲਜ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਮੁਕਾਬਲੇ ਦੌਰਾਨ ਭਾਰਤ ਦੇ 5 ਖਿਡਾਰੀਆਂ ਗੁਰਪ੍ਰੀਤ ਸਿੰਘ, ਨੀਰਜ ਸੈਣੀ, ਅਕਾਸ਼ਦੀਪ ਸਿੰਘ ਆਦਿ ਨੇ ਹਿੱਸਾ ਲਿਆ, ਜਿਸ ਦੌਰਾਨ ਕਾਲਜ ਦੇ ਇਕਲੌਤੇ ਖਿਡਾਰੀ ਨਵਰੂਪ ਨੇ 69 ਕਿਲੋਗ੍ਰਾਮ ‘ਚ ਆਪਣੇ ਮੁੱਕੇਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਡਾ. ਰੰਧਾਵਾ ਨੇ ਕਿਹਾ ਕਿ 8 ਵਾਰ ਜਿੱਤ ਪ੍ਰਾਪਤ ਕਰਨ ਵਾਲੇ ਜੂਨੀਅਰ ਮੇਸੀ ਨੂੰ ਉਕਤ ਮੁਕਾਬਲੇ ਦੌਰਾਨ ਨਵਰੂਪ ਸਿੰਘ ਨੇ ਅਜਿਹਾ ‘ਪੰਚ’ ਲਗਾਇਆ ਕਿ ਉਸ ਨੂੰ ਹਾਰ ਦਾ ਮੂੰਹ ਵੇਖਣਾ ਨਸੀਬ ਹੋਇਆ, ਜੋ ਕਿ ਜੂਨੀਅਰ ਮੇਸੀ ਦੀ ਪਹਿਲੀ ਹਾਰ ਸੀ। ਉਨ੍ਹਾਂ ਕਿਹਾ ਕਿ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਵਿੱਦਿਅਕ ਪੱਖੋਂ ਵਿਦਿਆਰਥੀਆਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਖੇਡਾਂ, ਸੱਭਿਆਚਾਰਕ ਤੇ ਹੋਰਨਾਂ ਗਤੀਵਿਧੀਆਂ ‘ਚ ਵੀ ਮਾਹਿਰ ਬਣਾਇਆ ਜਾ ਰਿਹਾ ਹੈ ਤਾਂ ਜੋ ਕਿ ਆਉਣ ਵਾਲੇ ਸਮੇਂ ‘ਚ ਵਿਦਿਆਰਥੀਆਂ ਦਾ ਭਵਿੱਖ ਉਜਵਲ ਹੋ ਸਕੇ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ‘ਚ ਸਿਖ਼ਰਾਂ ਨੂੰ ਛੂਹਣ ਦੀਆਂ ਸ਼ੁਭ ਇਛਾਵਾਂ ਦੇ ਕੇ ਹੌਂਸਲਾ ਅਫ਼ਜਾਈ ਕੀਤੀ।ઠ