ਤਰਸਿੱਕਾ, 15 ਫਰਵਰੀ (ਅਤਰ ਸਿੰਘ ਤਰਸਿੱਕਾ)-ਅੱਜ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਦੇ ਫ਼ੈਸਲੇ ਅਨੁਸਾਰ 22 ਫਰਵਰੀ ਨੂੰ ਜੰਗਲਾਤ ਮੰਤਰੀ ਦੀ ਰਿਹਾਇਸ਼ ਅੱਗੇ ਧਰਨੇ ਦੇ ਸੰਬੰਧ ਵਿਚ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਸੂਬਾ ਪ੍ਰਧਾਨ ਰਛਪਾਲ ਸਿੰਘ ਜੋਧਾ ਨਗਰੀ ਨੇ ਬੋਲਦਿਆਂ ਕਿਹਾ ਕਿ ਜੰਗਲਾਤ ਵਿਭਾਗ ਵਿਚ ਲੰਮੇ ਸਮੇਂ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਵਰਕਰਾਂ ਦੇ ਰਿਕਾਰਡ ਵਿਚ ਵਿਭਾਗ ਵਲੋਂ ਤਰੁੱਟੀਆਂ ਦਰਜ ਕੀਤੀਆਂ ਗਈਆਂ ਹਨ, ਤਰੁੱਟੀਆਂ ਨੂੰ ਦੂਰ ਕਰਨ ਲਈ ਸਮੇਂ-ਸਮੇਂ ਤੇ ਪੈਨਲ ਮੀਟਿੰਗਾਂ ਵੀ ਕੀਤੀਆਂ ਗਈਆਂ ਅਤੇ ਸੀਨੀਆਰਤਾ ਸੂਚੀ ਵਿਚ ਤਰੁੱਟੀਆਂ ਦੂਰ ਕਰਨ ਲਈ ਸਮੇਂ-ਸਮੇਂ 'ਤੇ ਮੰਗ ਪੱਤਰ ਵੀ ਭੇਜੇ ਗਏ ਪ੍ਰੰਤੂ ਬਹੁਤ ਸਾਰੇ ਵਰਕਰਾਂ ਕੋਲ ਵਿਭਾਗ ਵਲੋਂ ਤਿਆਰ ਕੀਤਾ ਗਿਆ | ਰਿਕਾਰਡ ਹੋਣ ਦੇ ਬਾਵਜੂਦ ਵੀ ਉਨ੍ਹਾਂ ਦਾ ਰਿਕਾਰਡ ਦਰਜ ਨਹੀਂ ਕੀਤਾ ਗਿਆ ਅਤੇ ਕੁਝ ਵਰਕਰਾਂ ਨੂੰ ਮਸਟਰੋਲ ਸੜੇ ਹੋਣ ਦਾ ਬਹਾਨਾ ਲਾ ਕੇ ਟਾਲ ਦਿੱਤਾ ਜਾਂਦਾ ਹੈ | ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਜੰਗਲਾਤ ਮੰਤਰੀ ਅਤੇ ਪ੍ਰਧਾਨ ਮੁੱਖ ਵਣ ਪਾਲ ਵਲੋਂ ਵੀ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਦੀ ਜਗ੍ਹਾ ਲਾਰੇ ਲੱਪੇ ਲਾਕੇ ਟਾਈਮ ਟਪਾਇਆ ਜਾ ਰਿਹਾ ਹੈ, ਜਿਸ ਕਾਰਨ ਜੰਗਲਾਤ ਵਰਕਰਾਂ ਵਿਚ ਭਾਰੀ ਰੋਸ ਹੈ | ਜਥੇਬੰਦੀ ਵਲੋਂ 519 ਅਨਪੜ੍ਹ ਵਰਕਰਾਂ ਨੂੰ ਬਿਨਾਂ ਸ਼ਰਤ ਰੈਗੂਲਰ ਕਰਨ ਦੀ ਮੰਗ ਕੀਤੀ ਗਈ |ਇਸ ਮੌਕੇ ਪ੍ਰਤਾਪ ਸਿੰਘ ਗੱਗੜਭਾਣਾ ਅਤੇ ਗੁਰਦੀਪ ਸਿੰਘ ਨੇ ਬੋਲਦਿਆਂ ਕਿਹਾ ਕਿ ਜੰਗਲਾਤ ਵਿਭਾਗ ਵਿਚ ਰੈਗੂਲਰ ਕੀਤੇ ਗਏ 378 ਅਤੇ 506 ਵਰਕਰਾਂ ਨੂੰ ਰੈਗੂਲਰ ਕਰਨ ਉਪਰੰਤ ਵੀ ਰੈਗੂਲਰ ਮੁਲਾਜ਼ਮਾਂ ਵਾਲਾ ਲਾਭ ਦੇਣ ਦੀ ਬਜਾਏ ਉਕਾ ਪੁੱਕਾ 15000 ਰੁਪਏ ਤਨਖ਼ਾਹ ਦਿੱਤੀ ਗਈ ਹੈ | ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵਲੋਂ ਰੈਗੂਲਰ ਕੀਤੇ ਗਏ 378 ਵਰਕਰਾਂ ਦੀ ਸੇਵਾ ਮੁਕਤੀ ਉਮਰ ਹੱਦ 60 ਸਾਲ ਅਤੇ 506 ਵਰਕਰਾਂ ਦੀ ਸੇਵਾ ਮੁਕਤੀ ਉਮਰ 58 ਸਾਲ ਕੀਤੀ ਗਈ ਹੈ, ਜਦ ਕਿ ਉਕਤ ਦੋਨੋਂ ਗਰੁਪਾਂ ਨੂੰ ਇਕ ਹੀ ਪਾਲਿਸੀ ਅਧੀਨ ਰੈਗੂਲਰ ਕੀਤਾ ਗਿਆ ਹੈ ਜਦ ਕਿ ਦਰਜਾ ਚਾਰ ਦੀ ਉਮਰ ਹੱਦ 60 ਸਾਲ ਹੈ | ਜਦ ਕਿ ਉਕਤ ਦੋਨੋਂ ਗਰੁੱਪਾਂ ਨੂੰ ਇਕ ਹੀ ਪਾਲਿਸੀ ਅਧੀਨ ਰੈਗੂਲਰ ਕੀਤਾ ਗਿਆ ਹੈ | ਜਥੇਬੰਦੀ ਨੇ ਮੰਗ ਕੀਤੀ ਕਿ ਐਤਵਾਰਾ ਦੇ ਦਿਨਾਂ ਨੂੰ ਸ਼ਾਮਿਲ ਕਰਕੇ ਸੀਨੀਆਰਤਾ ਸੂਚੀ ਨੂੰ 2025 ਤੱਕ ਫਾਈਨਲ ਕੀਤਾ ਜਾਵੇ ਅਤੇ 5 ਸਾਲ ਦੀ ਸੈਵਾ ਪੂਰੀ ਕਰ ਚੁੱਕੇ ਸਾਰੇ ਕੱਚੇ ਵਰਕਰਾਂ ਨੂੰ ਰੈਗੂਲਰ ਕਰਨ ਲਈ 16/5/2023 ਵਾਲੀ ਪਾਲਿਸੀ ਵਿਚ ਸੋਧ ਕੀਤੀ ਜਾਵੇ ਤਾਂ ਜੋ ਕਿਸੇ ਵੀ ਵਰਕਰ ਨਾਲ ਧੱਕਾ ਨਾ ਹੋਵੇ | ਜਥੇਬੰਦੀ ਵਲੋਂ ਫ਼ੈਸਲਾ ਕੀਤਾ ਗਿਆ ਕਿ ਜੇਕਰ ਪੰਜਾਬ ਸਰਕਾਰ ਵਲੋਂ ਉਕਤ ਭਖਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਜਥੇਬੰਦੀ ਤਿਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ਅਤੇ 22 ਫਰਵਰੀ 2026 ਨੂੰ ਜੰਗਲਾਤ ਮੰਤਰੀ ਦੀ ਕਟਾਰੂਚਕ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ, ਜਿਸ ਵਿਚ ਵੱਖ-ਵੱਖ ਡਿਵੀਜ਼ਨਾਂ ਤੇ ਵਣ ਰੇਜਾ ਵਿਚੋਂ ਵਰਕਰ ਵੱਡੀ ਗਿਣਤੀ ਵਿਚ ਕਾਫ਼ਲਿਆਂ ਦੇ ਰੂਪ ਵਿਚ ਧਰਨੇ ਵਿਚ ਪਹੁੰਚਣਗੇ | ਇਸ ਮੌਕੇ ਬਾਬਾ ਗੁਲਜ਼ਾਰ ਸਿੰਘ ਡਿਹਰੀ ਵਾਲਾ ਜਸਬੀਰ ਸਿੰਘ ਨਿਬਰਵਿੰਡ, ਸਰਦੂਲ ਸਿੰਘ ਚੋਗਾਵਾਂ, ਗੁਰਨਾਮ ਸਿੰਘ ਚੋਗਾਵਾਂ, ਬਲਜਿੰਦਰ ਸਿੰਘ, ਸਤਨਾਮ ਸਿੰਘ, ਸੁਖਬੀਰ ਸਿੰਘ ਚੋਗਾਵਾਂ, ਰਣਜੀਤ ਕੌਰ, ਹਰਜਿੰਦਰ ਕੌਰ ਆਦਿ ਆਗੂ ਤੇ ਵਰਕਰ ਹਾਜ਼ਰ ਸਨ |