ਤਰਨ ਤਾਰਨ, 27 ਫਰਵਰੀ (ਹਰਿੰਦਰ ਸਿੰਘ)- ਸਹਿਕਾਰੀ ਸ਼ੂਗਰ ਮਿੱਲ ਸੇਰੋਂ ਨੂੰ ਬਚਾਉਣ ਲਈ ਲਗਾਤਾਰ ਚੱਲ ਰਹੇ ਧਰਨੇ ਤੋਂ ਪੁਲਿਸ ਨੇ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲੈ ਕੇ ਜੇਲ ਵਿਚ ਭੇਜ ਦਿੱਤਾ ਗਿਆ ਸੀ, ਜਿਸਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵਲੋਂ ਭਗਵੰਤ ਮਾਨ ਦੀ ਸਰਕਾਰ ਦਾ ਪੁਤਲਾ ਤਰਨ ਤਾਰਨ ਦੇ ਬੌਹੜੀ ਚੌਂਕ ਵਿਚ ਫੂਕਿਆ ਗਿਆ ਅਤੇ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ ਗਈ | ਕਿਸਾਨ ਆਗੂ ਮੰਗ ਕਰ ਰਹੇ ਸਨ ਕਿ ਲੋਕਾਂ ਦੇ ਸ਼ੇਅਰਾਂ ਨਾਲ ਬਣੀ ਬੰਦ ਪਈ ਸਹਿਕਾਰੀ ਸ਼ੂਗਰ ਮਿੱਲ ਨੂੰ ਵੇਚਣਾ ਬੰਦ ਕੀਤਾ ਜਾਵੇ ਅਤੇ ਇਸ ਨੂੰ ਤੁਰੰਤ ਚਾਲੂ ਕੀਤਾ ਜਾਵੇ ਤਾਂ ਜੋ ਇਲਾਕੇ ਦੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ | ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਮੰਗ ਕੀਤੀ ਕਿ ਕਿਸਾਨ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ | ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਵਿਚ ਮਨਜੀਤ ਸਿੰਘ ਬੱਗੂ ਜਮਹੂਰੀ ਕਿਸਾਨ ਸਭਾ ਪੰਜਾਬ, ਮੰਗਲ ਸਿੰਘ ਜਵੰਦਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਕੁਲਦੀਪ ਸਿੰਘ ਮੁੰਡਾਪਿੰਡ, ਜਤਿੰਦਰਪਾਲ ਸਿੰਘ ਪੰਡੋਰੀ ਕਿਸਾਨ ਸੰਘਰਸ਼ ਕਮੇਟੀ ਆਜ਼ਾਦ, ਤਰਸੇਮ ਸਿੰਘ ਲੋਹਾਰ ਕੌਮੀ ਕਿਸਾਨ ਯੂਨੀਅਨ, ਦਲਵਿੰਦਰ ਸਿੰਘ ਨੌਸ਼ਹਿਰਾ ਪੰਨੂਆਂ ਪੰਜਾਬ ਕਿਸਾਨ ਯੂਨੀਅਨ, ਸੁਖਬਾਜ ਸਿੰਘ ਸਿੱਧੂ, ਰਵਿੰਦਰ ਸਿੰਘ ਔਲਖ, ਚਰਨ ਸਿੰਘ ਤਰਨ ਤਾਰਨ ਕੁੱਲ ਹਿੰਦ ਕਿਸਾਨ ਯੂਨੀਅਨ, ਗੁਰਚਰਨ ਸਿੰਘ ਸਭਰਾ ਕੌਮੀ ਕਿਸਾਨ ਯੂਨੀਅਨ, ਜਤਿੰਦਰ ਸਿੰਘ ਕੋਟ ਮੁਹੰਮਦ, ਬਲਵਿੰਦਰ ਸਿੰਘ ਗੋਹਲਵੜ, ਬਚਨ ਸਿੰਘ ਐਮਾ ਮਲੀਆ, ਸੁਰਜੀਤ ਸਿੰਘ ਮਾਲੂਵਾਲ, ਸੁੱਖਾ ਸਿੰਘ ਸਖੀਰਾ, ਸੁਰਜੀਤ ਸਿੰਘ ਬਾਠ, ਬਲਵਿੰਦਰ ਸਿੰਘ ਆਦਿ ਮੌਜੂਦ ਸਨ |