ਖਡੂਰ ਸਾਹਿਬ, 27 ਫਰਵਰੀ (ਰਸ਼ਪਾਲ ਸਿੰਘ ਕੁਲਾਰ)- ਪੰਜਾਬ ਸਰਕਾਰ ਦੇ ਸਰਕਾਰੀ ਜ਼ਮੀਨਾਂ ਨੂੰ ਵੇਚਣ ਦੇ ਵਿਰੋਧ ਪ੍ਰਦਰਸ਼ਨ ਵਿਚ ਤਰਨ ਤਾਰਨ ਜ਼ਿਲ੍ਹੇ ਦੀ ਸੇਰੋਂ ਖੰਡ ਮਿੱਲ ਦੀ ਜ਼ਮੀਨ ਦੇ ਤਬਾਦਲੇ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਕਾਫਲੇ ਵਿਚ ਸਾਥੀ ਗੁਰਪ੍ਰੀਤ ਸਿੰਘ ਗੰਡੀਵਿੰਡ, ਕਨਵੀਨਰ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਪ੍ਰਧਾਨ ਫੈਡਰੇਸ਼ਨ ਏਟਕ ਪੰਜਾਬ ਦੀ ਗਿ੍ਫਤਾਰੀ ਦੇ ਵਿਰੋਧ ਵਿਚ ਸਬ ਡਵੀਜਨ ਖਡੂਰ ਸਾਹਿਬ ਵਿਖੇ ਬਿਜਲੀ ਮੁਲਾਜਮਾਂ ਅਤੇ ਪੈਨਸ਼ਨਰਾਂ ਵਲੋਂ ਰੋਸ ਰੈਲੀ ਕੀਤੀ ਗਈ ਅਤੇ ਪੰਜਾਬ ਸਰਕਾਰ ਦੇ ਘਟੀਆ ਰਵੱਈਏ ਦੀ ਨਿਖੇਧੀ ਕੀਤੀ ਗਈ | ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਗਿ੍ਫ਼ਤਾਰ ਕੀਤੇ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਸਰਕਾਰ ਆਪਣੀਆਂ ਘਟੀਆ ਕਾਰਵਾਈਆਂ ਨੂੰ ਬੰਦ ਕਰੇ ਨਹੀਂ ਤਾਂ ਜਥੇਬੰਦੀਆਂ ਹੋਰ ਵੀ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੀਆਂ | ਇਸ ਰੈਲੀ ਨੂੰ ਸੁਰਜੀਤ ਸਿੰਘ, ਮਨਜੀਤ ਸਿੰਘ ਖੇਲਾ, ਸੁਖਵਿੰਦਰ ਸਿੰਘ ਮੀਟਰ ਰੀਡਰ, ਤਰਜੀਤ ਸਿੰਘ, ਸਵਿੰਦਰ ਸਿੰਘ, ਸ਼ਿੰਗਾਰਾ ਸਿੰਘ, ਅਵਤਾਰ ਕ੍ਰਿਸ਼ਨ ਸੀਨੀਅਰ ਮੀਤ ਪ੍ਰਧਾਨ ਪੈਨਸ਼ਨਰਜ਼ ਯੂਨੀਅਨ ਏਟਕ ਡਵੀਜਨ ਤਰਨ ਤਾਰਨ ਅਤੇ ਪ੍ਰਤਾਪ ਸਿੰਘ ਜੇ.ਈ. ਨੇ ਸੰਬੋਧਨ ਕੀਤਾ |