ਹਰੀਕੇ ਪੱਤਣ, 1 ਮਾਰਚ (ਸੰਜੀਵ ਕੁੰਦਰਾ)-ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਹ ਹਰੀਕੇ ਵਿਖੇ ਮਾਪਿਆਂ ਤੇ ਅਧਿਆਪਕਾਂ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਬੱਚਿਆਂ ਦੇ ਵਿਕਾਸ ਨੂੰ ਮੱਦੇਨਜ਼ਰ ਰੱਖਦਿਆਂ ਇਕ ਵਿਸ਼ੇਸ਼ ਮਾਪੇ ਵਰਕਸ਼ਾਪ ਲਗਾਈ ਗਈ | ਵਰਕਸ਼ਾਪ ਦੀ ਰੂਪਰੇਖਾ ਨੂੰ ਪਿ੍ੰਸੀਪਲ ਮੈਡਮ ਸੰਦੀਪ ਕੌਰ ਢਿੱਲੋਂ ਵਲੋਂ ਸੁਚੱਜੇ ਢੰਗ ਨਾਲ ਉਲੀਕਿਆ ਗਿਆ ਅਤੇ ਐੱਮ. ਡੀ. ਸਤੀਸ਼ ਕੁਮਾਰ ਦੀ ਯੋਗ ਅਗਵਾਈ ਹੇਠ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਮੁਕੰਮਲ ਕੀਤਾ ਗਿਆ | ਵਰਕਸ਼ਾਪ 'ਚ ਪੱਤਰਕਾਰ ਨਵਜੋਤ ਕੌਰ ਸਿੱਧੂ, ਜੋ ਕਿ ਇਕ ਕਾਊਾਸਲਰ ਤੇ ਮਾਟੀਵੇਸ਼ਨਲ ਸਪੀਕਰ ਵੀ ਹਨ, ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਸੁਚੱਜੇ ਢੰਗ ਨਾਲ ਕੀਤੀ ਗਈ, ਜਿਸ 'ਚ ਇਸ ਵਰਕਸ਼ਾਪ ਦੇ ਇੰਚਾਰਜ ਮੈਡਮ ਅਮਨ ਤੇ ਮੈਡਮ ਅਵਨੀਤ ਨੇ ਐਂਕਰਿੰਗ ਦੀ ਜਿੰਮੇਵਾਰੀ ਨਿਭਾਈ | ਇਸ ਵਰਕਸ਼ਾਪ ਦਾ ਮੁੱਖ ਟੀਚਾ ਮਾਪਿਆਂ ਨੂੰ ਇਹ ਸਮਝਾਉਣਾ ਸੀ ਕਿ ਅੱਜ ਦੇ ਬਦਲਦੇ ਸਮੇਂ ਵਿਚ ਅਧਿਆਪਕ ਮਾਪੇ ਮਿਲਣੀ ਕਿਵੇਂ ਦੀ ਹੋਣੀ ਚਾਹੀਦੀ ਹੈ | ਇਸ ਵਿਚ ਮਾਪਿਆਂ ਨੇ ਵੱਡੀ ਗਿਣਤੀ 'ਚ ਹਾਜ਼ਰੀ ਭਰੀ | ਵਰਕਸ਼ਾਪ ਦੌਰਾਨ ਅਧਿਆਪਕਾਂ ਨੇ ਵੱਖ-ਵੱਖ ਮਹੱਤਵਪੂਰਨ ਵਿਸ਼ਿਆਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਜਿਵੇਂ ਕਿ ਬੱਚੇ ਦੀ ਸਾਫ਼-ਸਫ਼ਾਈ, ਪੀ. ਟੀ. ਐੱਮ. ਦੀਆਂ ਕੁਝ ਗੱਲਾਂ, ਅਧਿਆਪਕ ਦਾ ਹੀਰੋ ਤੇ ਮਾਪਿਆਂ ਦਾ ਜ਼ੀਰੋ, ਬੌਧਿਕ ਵਿਕਾਸ, ਸਕੂਲ ਦੀਆਂ ਗਤੀਵਿਧੀਆਂ, ਚੰਗਾ ਭੋਜਨ, ਚੰਗਾ ਜੀਵਨ, 'ਕਾਂ ਬਣਾਉਣਾ ਹੈ ਜਾਂ ਕੋਇਲ' ਦੇ ਵਿਸ਼ੇ ਰਾਹੀਂ ਮਾਪਿਆਂ ਨੂੰ ਸਮਝਾਇਆ ਗਿਆ ਕਿ ਬੱਚਿਆਂ ਦੀ ਪਰਵਿਰਸ਼ ਵਿੱਚ ਸੰਸਕਾਰ ਅਤੇ ਮਿੱਠੇ ਬੋਲ ਕਿੰਨੇ ਜ਼ਰੂਰੀ ਹਨ | ਇਸ ਮੌਕੇ ਵਿਦਿਆਰਥੀਆਂ ਵਲੋਂ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਰਾਹੀਂ ਬੱਚਿਆਂ ਦੀ ਪ੍ਰਤਿਭਾ ਦੀ ਝਲਕ ਦੇਖਣ ਨੂੰ ਮਿਲੀ | ਵਰਕਸ਼ਾਪ ਦੇ ਅੰਤਿਮ ਪੜਾਅ 'ਚ ਰੈੱਡ ਆਰਟ ਗਰੁੱਪ ਵਲੋਂ ਇਕ ਪ੍ਰਭਾਵਸ਼ਾਲੀ ਨੁੱਕੜ ਨਾਟਕ ਪੇਸ਼ ਕੀਤਾ ਗਿਆ | ਇਸ ਰਾਹੀਂ ਦਰਸਾਇਆ ਗਿਆ ਕਿ ਬੱਚੇ ਦੇ ਵਿਕਾਸ ਤੇ ਕਾਮਯਾਬੀ ਲਈ ਅਧਿਆਪਕ ਵਲੋਂ ਕਈ ਵਾਰ ਸਖ਼ਤੀ ਲਾਜ਼ਮੀ ਹੋ ਜਾਂਦੀ ਹੈ | ਨਾਟਕ ਨੇ ਇਹ ਸੰਦੇਸ਼ ਦਿੱਤਾ ਕਿ ਅਧਿਆਪਕ ਦੀ ਸਖ਼ਤੀ ਬੱਚੇ ਦੀ ਭਲਾਈ ਤੇ ਉਸ ਦੇ ਚੰਗੇ ਭਵਿੱਖ ਲਈ ਹੁੰਦੀ ਹੈ | ਅੰਤ 'ਚ ਪਿ੍ੰਸੀਪਲ ਮੈਡਮ ਤੇ ਐੱਮ. ਡੀ. ਸਤੀਸ਼ ਕੁਮਾਰ ਨੇ ਆਏ ਹੋਏ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ |