15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਮਲਚਿੰਗ ਤਕਨੀਕ ਨਾਲ ਹਲਦੀ ਦੀ ਕਾਸ਼ਤ ਰਾਹੀਂ ਨਾਮਣਾ ਖੱਟ ਰਿਹੈ ਪ੍ਰਗਤੀਸ਼ੀਲ ਕਿਸਾਨ ਕਿ੍ਸ਼ਨ ਕੁਮਾਰ

ਅਜੀਤ ਡੈਸਕ 12-04-2026
ਖਡੂਰ ਸਾਹਿਬ, 11 ਅਪ੍ਰੈਲ (ਰਸ਼ਪਾਲ ਸਿੰਘ ਕੁਲਾਰ)- ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਤੇਜਬੀਰ ਸਿੰਘ ਭੰਗੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਿਸਾਨਾਂ ਨੂੰ ਵੱਖ-ਵੱਖ ਸਹਾਇਕ ਧੰਦਿਆਂ ਨਾਲ ਜੋੜਨ ਵਾਸਤੇ ਜਾਗਰੂਕਤਾ ਅਭਿਆਨ ਚਲਾਇਆ ਹੈ ਅਤੇ ਕਿਸਾਨ ਵੱਧ-ਚੜ੍ਹ ਕੇ ਸਹਾਇਕ ਧੰਦੇ ਅਤੇ ਪ੍ਰੋਸੈਸਿੰਗ ਯੂਨਿਟ ਲਗਾ ਰਹੇ ਹਨ | ਇਸੇ ਤਹਿਤ ਡਾ. ਭੁਪਿੰਦਰ ਸਿੰਘ ਖੇਤੀਬਾੜੀ ਅਫਸਰ ਖਡੂਰ ਸਾਹਿਬ ਦੇ ਥਾਪੜੇ ਸਦਕਾ ਡਾ. ਯਾਦਵਿੰਦਰ ਸਿੰਘ ਸਰਕਲ ਇੰਚਾਰਜ ਜਲਾਲਾਬਾਦ ਵਲੋਂ ਪਿੰਡ ਨਾਗੋਕੇ ਵਿਖੇ ਪ੍ਰੋਸੈਸਿੰਗ ਯੂਨਿਟ ਚਲਾ ਰਹੇ ਕਿਸਾਨ ਕਿ੍ਸ਼ਨ ਕੁਮਾਰ ਨਾਲ ਸੰਪਰਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਹਲਦੀ ਅਤੇ ਦਾਲਾਂ ਦੀ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਦੇ ਗੁਰ ਦੱਸੇ ਗਏ | ਜ਼ਿਲ੍ਹਾ ਤਰਨ ਤਾਰਨ ਦੇ ਬਲਾਕ ਖਡੂਰ ਸਾਹਿਬ ਦੇ ਪਿੰਡ ਨਾਗੋਕੇ ਦੇ ਪ੍ਰਗਤੀਸ਼ੀਲ ਕਿਸਾਨ ਕਿ੍ਸ਼ਨ ਕੁਮਾਰ ਨੇ ਖੇਤੀ ਵਿਚ ਨਵੀਨਤਾ ਅਤੇ ਮਿਹਨਤ ਦਾ ਅਦਭੁੱਤ ਮਿਲਾਪ ਕਰਕੇ ਇਕ ਵਿਲੱਖਣ ਮਿਸਾਲ ਕਾਇਮ ਕੀਤੀ ਹੈ | ਉਹ 2013 ਤੋਂ ਲਗਾਤਾਰ ਮਲਚਿੰਗ ਤਕਨੀਕ ਨਾਲ ਹਲਦੀ ਦੀ ਕਾਸ਼ਤ ਕਰ ਰਹੇ ਹਨ ਅਤੇ ਅੱਜ ਉਨ੍ਹਾਂ ਦਾ ਨਾਮ ਖੇਤੀਬਾੜੀ ਵਿਚ ਸਫਲ ਕਿਸਾਨਾਂ ਦੀ ਸੂਚੀ 'ਚ ਸ਼ਾਮਿਲ ਹੋ ਚੁੱਕਾ ਹੈ | ਉਨ੍ਹਾਂ ਨੇ ਪਿਛਲੇ 10 ਸਾਲਾਂ ਤੋਂ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ ਅਤੇ ਝੋਨੇ ਦੀ ਸਿੱਧੀ ਬਿਜਾਈ ਨੂੰ 2012 ਤੋਂ ਤਰਜੀਹ ਦੇ ਰਹੇ ਹਨ | ਕਿ੍ਸ਼ਨ ਕੁਮਾਰ ਨੇ ਰਵਾਇਤੀ ਫ਼ਸਲਾਂ ਤੋਂ ਹਟ ਕੇ ਹਲਦੀ ਦੀ ਕਾਸ਼ਤ ਸ਼ੁਰੂ ਕੀਤੀ | ਸ਼ੁਰੂਆਤ ਵਿਚ ਚੁਣੌਤੀਆਂ ਆਈਆਂ, ਪਰ ਉਨ੍ਹਾਂ ਨੇ ਮਲਚਿੰਗ ਤਕਨੀਕ ਅਪਣਾਈ ਜਿਸ ਨਾਲ ਮਿੱਟੀ ਦੀ ਨਮੀ ਬਰਕਰਾਰ ਰਹਿੰਦੀ ਹੈ, ਘਾਹ-ਫੂਸ ਘੱਟ ਹੁੰਦਾ ਹੈ ਅਤੇ ਫ਼ਸਲ ਦੀ ਗੁਣਵੱਤਾ ਵਿਚ ਵੀ ਸੁਧਾਰ ਹੁੰਦਾ ਹੈ | ਇਸ ਤਕਨੀਕ ਨਾਲ ਉਨ੍ਹਾਂ ਦੀ ਪੈਦਾਵਾਰ ਵਿਚ ਮਹੱਤਵਪੂਰਨ ਵਾਧਾ ਹੋਇਆ ਅਤੇ ਲਾਗਤ ਵੀ ਘਟੀ | ਇਸ ਕੰਮ ਵਿਚ ਡਾ. ਯਾਦਵਿੰਦਰ ਸਿੰਘ ਦੇ ਨਾਲ ਉਨ੍ਹਾਂ ਦੇ ਸਹਿਯੋਗੀ ਡਾ. ਰੁਪਿੰਦਰਜੀਤ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ, ਕਮਲਜੀਤ ਕੌਰ ਸਹਾਇਕ ਟੈਕਨੋਲੋਜੀ ਮੈਨੇਜਰ ਅਤੇ ਗੁਰਪ੍ਰਤਾਪ ਸਿੰਘ ਫੀਲਡ ਸਹਾਇਕ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ | ਉਨ੍ਹਾਂ ਨੂੰ ਇਸ ਸਫਲਤਾ ਲਈ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਵਿਚ ਮੁੱਖ ਖੇਤੀਬਾੜੀ ਅਫਸਰ ਅਤੇ ਪੰਜਾਬ ਖਾਦੀ ਬੋਰਡ ਦੇ ਚੇਅਰਮੈਨ ਬਲਜੀਤ ਸਿੰਘ ਖਹਿਰਾ ਵਲੋਂ ਸਨਮਾਨਿਤ ਵੀ ਕੀਤਾ ਗਿਆ |
ਪਿਛਲੀ ਖ਼ਬਰ ਪ੍ਰਾਇਮਰੀ ਹੈਲਥ ਸੈਂਟਰ ਰਟੌਲ 'ਚੋਂ ਚੋਰੀ ਕਰਨ 'ਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਔਜਲਾ ਤੇ ਸੱਚਰ ਨੇ ਗੜੇਮਾਰੀ ਨਾਲ ਨੁਕਸਾਨਈਆਂ ਫਸਲਾਂ ਦਾ ਕੀਤਾ ਮੁਆਇਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।