ਗੋਇੰਦਵਾਲ ਸਾਹਿਬ, 29 ਅਪ੍ਰੈਲ (ਸਕੱਤਰ ਸਿੰਘ ਅਟਵਾਲ)-ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਵਿਚ ਗੁਰੂ ਅਮਰਦਾਸ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਇੰਟਰ-ਹਾਊਸ ਕੁਇੱਜ਼ ਮੁਕਾਬਲਾ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੇ ਜੀਵਨ, ਉਪਦੇਸ਼ਾਂ ਅਤੇ ਗੁਰੂ ਸਾਹਿਬ ਦੀ ਬਾਣੀ ਨਾਲ ਜੋੜਨਾ ਸੀ | ਇਸ ਕੁਇੱਜ਼ ਮੁਕਾਬਲੇ ਵਿਚ ਸਕੂਲ ਦੇ ਚਾਰ ਹਾਊਸ ਅਰਥ, ਵਾਟਰ, ਏਅਰ ਅਤੇ ਫਾਇਰ ਹਾਊਸ ਦੇ ਵਿਦਿਆਰਥੀਆਂ ਨੇ ਭਰਪੂਰ ਜੋਸ਼ ਨਾਲ ਭਾਗ ਲਿਆ | ਇਸ ਮੁਕਾਬਲੇ ਵਿਚ ਗੁਰੂ ਅਮਰਦਾਸ ਜੀ ਦੀ ਜੀਵਨੀ ਨਾਲ ਸੰਬੰਧਿਤ ਪ੍ਰਸ਼ਨ-ਉੱਤਰ, ਉਨਾਂ ਦੀਆਂ ਸਿੱਖਿਆਵਾਂ ਅਤੇ ਉਪਦੇਸ਼ਾਂ ਬਾਰੇ ਜਾਣਕਾਰੀ, ਗੁਰਬਾਣੀ ਦੇ ਉਚਾਰਨ, ਸਿੱਖ ਇਤਿਹਾਸ ਨਾਲ ਸੰਬੰਧਿਤ ਪ੍ਰਸ਼ਨ ਅਤੇ ਧਾਰਮਿਕ ਜਾਗਰੂਕਤਾ ਨੂੰ ਵਧਾਉਣ ਵਾਲੇ ਵਿਸ਼ੇ ਵੀ ਸ਼ਾਮਿਲ ਸਨ | ਮੁਕਾਬਲੇ ਦੌਰਾਨ ਟੀਮਾਂ ਵਿਚਕਾਰ ਰੌਚਕ ਮੁਕਾਬਲਾ ਦੇਖਣ ਨੂੰ ਮਿਲਿਆ | ਹਰ ਹਾਊਸ ਦੇ ਵਿਦਿਆਰਥੀਆਂ ਨੇ ਬੇਹਤਰੀਨ ਤਿਆਰੀ ਅਤੇ ਆਤਮਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ | ਅੰਤ ਵਿਚ ਫਾਇਰ ਹਾਊਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਵਾਟਰ ਹਾਊਸ ਦੂਜੇ ਸਥਾਨ 'ਤੇ ਰਿਹਾ | ਅਰਥ ਅਤੇ ਏਅਰ ਹਾਊਸਾਂ ਨੇ ਵੀ ਕਾਬਿਲ-ਏ-ਤਾਰੀਫ਼ ਪ੍ਰਦਰਸ਼ਨ ਕੀਤਾ | ਇਸ ਮੌਕੇ ਸਕੂਲ ਦੇ ਅਧਿਆਪਕ ਗੁਰਜੰਟ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਗੁਰੂ ਅਮਰਦਾਸ ਜੀ ਦੇ ਜੀਵਨ ਦੇ ਮਹੱਤਵਪੂਰਨ ਪੱਖਾਂ 'ਤੇ ਚਾਨਣਾ ਪਾਇਆ ਅਤੇ ਉਨਾਂ ਦੀਆਂ ਸਿੱਖਿਆਵਾਂ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ | ਸਕੂਲ ਦੇ ਪ੍ਰੈਜ਼ੀਡੈਂਟ ਮੈਡਮ ਬਲਜੀਤ ਕੌਰ ਰੰਧਾਵਾ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਸਾਨੂੰ ਸੇਵਾ, ਨਿਮਰਤਾ ਅਤੇ ਸਚਾਈ ਦੇ ਰਾਹ 'ਤੇ ਚੱਲਣ ਦੀ ਪ੍ਰੇਰਨਾ ਦਿੰਦੀ ਹੈ | ਇਸ ਤੋਂ ਇਲਾਵਾ ਸਕੂਲ ਦੇ ਪਿ੍ੰਸੀਪਲ ਮੈਡਮ ਰਵਿੰਦਰ ਕੌਰ ਨੇ ਵੀ ਵਿਦਿਆਰਥੀਆਂ ਨੂੰ ਗੁਰੂ ਅਮਰਦਾਸ ਜੀ ਵਲੋਂ ਦਰਸਾਏ ਮਾਰਗ 'ਤੇ ਚੱਲ ਕੇ ਚੰਗੇ ਇਨਸਾਨ ਬਣਨ ਦੀ ਪ੍ਰੇਰਨਾ ਦਿੱਤੀ | ਅੰਤ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ | ਇਹ ਇੰਟਰ-ਹਾਊਸ ਕਵਿਜ਼ ਮੁਕਾਬਲਾ ਵਿਦਿਆਰਥੀਆਂ ਲਈ ਨਾ ਸਿਰਫ਼ ਜਾਣਕਾਰੀ ਭਰਪੂਰ ਸਾਬਤ ਹੋਇਆ, ਸਗੋਂ ਉਨਾਂ ਵਿਚ ਆਤਮਵਿਸ਼ਵਾਸ, ਟੀਮ-ਭਾਵਨਾ ਅਤੇ ਧਾਰਮਿਕ ਜਾਗਰੂਕਤਾ ਨੂੰ ਵੀ ਮਜ਼ਬੂਤ ਕਰਨ ਵਾਲਾ ਬਣਿਆ |