ਤਰਨ ਤਾਰਨ, 30 ਅਪ੍ਰੈਲ (ਹਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੇਸ਼ 'ਚ ਹੋ ਰਹੀ ਮਰਦਮਸ਼ੁਮਾਰੀ (ਜਨਗਣਨਾ) ਦੇ ਮੱਦੇਨਜ਼ਰ ਸਮੂਹ ਪੰਜਾਬੀ ਜਗਤ ਅਤੇ ਸਿੱਖ ਕੌਮ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਜਨਗਣਨਾ ਸਾਡੀ ਧਾਰਮਿਕ ਅਤੇ ਭਾਸ਼ਾਈ ਹੋਂਦ ਨੂੰ ਸੰਵਿਧਾਨਕ ਤੌਰ 'ਤੇ ਮਜ਼ਬੂਤ ਕਰਨ ਦਾ ਵੱਡਾ ਮੌਕਾ ਹੈ | ਪੀਰ ਮੁਹੰਮਦ ਨੇ ਵਿਸ਼ੇਸ਼ ਤੌਰ 'ਤੇ ਕਿਹਾ ਕਿ ਸਮੂਹ ਸਿੰਘ ਅਤੇ ਕੌਰ ਆਪਣੀ ਧਾਰਮਿਕ ਪਛਾਣ ਪ੍ਰਤੀ ਸੁਚੇਤ ਰਹਿਣ | ਉਨ੍ਹਾਂ ਅਪੀਲ ਕੀਤੀ ਕਿ ਜਨਗਣਨਾ ਦੌਰਾਨ ਜਦੋਂ ਧਰਮ ਬਾਰੇ ਪੁੱਛਿਆ ਜਾਵੇ ਤਾਂ ਹਰ ਸਿੱਖ ਪਰਿਵਾਰ ਇਹ ਯਕੀਨੀ ਬਣਾਏ ਕਿ ਉਨ੍ਹਾਂ ਦੇ ਧਰਮ ਦੇ ਖਾਨੇ 'ਚ ਸਪੱਸ਼ਟ ਤੌਰ 'ਤੇ 'ਸਿੱਖ' ਦਰਜ ਕੀਤਾ ਗਿਆ ਹੈ | ਇਹ ਸਾਡੀ ਗਿਣਤੀ ਅਤੇ ਕੌਮੀ ਤਾਕਤ ਨੂੰ ਦਰਸਾਉਣ ਲਈ ਅਤਿ ਲੋੜੀਂਦਾ ਹੈ | ਪਰਿਵਾਰ ਦੇ ਹਰ ਮੈਂਬਰ ਚਾਹੇ ਉਹ ਨਵਜੰਮਿਆਂ ਬੱਚਾ ਹੋਵੇ ਜਾਂ ਬਜ਼ੁਰਗ, ਸਾਰਿਆਂ ਦਾ ਵੇਰਵਾ ਸਿੱਖ ਧਰਮ ਅਤੇ ਪੰਜਾਬੀ ਮਾਤ-ਭਾਸ਼ਾ ਵਜੋਂ ਹੀ ਦਰਜ ਹੋਣਾ ਚਾਹੀਦਾ ਹੈ | ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਵਿਦਿਆਰਥੀ ਜਥੇਬੰਦੀਆਂ ਨੂੰ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਆਪਣੀ ਮਾਤ-ਭਾਸ਼ਾ 'ਪੰਜਾਬੀ' ਅਤੇ ਆਪਣਾ ਧਰਮ 'ਸਿੱਖ' ਲਿਖਵਾਉਣਾ ਸਾਡੀ ਨੈਤਿਕ ਅਤੇ ਕੌਮੀ ਜ਼ਿੰਮੇਵਾਰੀ ਹੈ |