ਗੋਇੰਦਵਾਲ ਸਾਹਿਬ, 10 ਮਈ (ਸਕੱਤਰ ਸਿੰਘ ਅਟਵਾਲ)-ਦੁਨੀਆ ਭਰ 'ਚ ਮਾਂ ਪ੍ਰਤੀ ਪਿਆਰ ਤੇ ਸਤਿਕਾਰ ਨੂੰ ਦਰਸਾਉਂਦਾ ਦਿਹਾੜਾ ਮਾਂ ਦਿਵਸ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ | ਇਸ ਦਿਨ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਨਾਮਵਰ ਵਿੱਦਿਅਕ ਸੰਸਥਾ ਬਿ੍ਟਿਸ਼ ਵਿਕਟੋਰੀਆ ਸਕੂਲ ਸ੍ਰੀ ਗੋਇੰਦਵਾਲ ਸਾਹਿਬ ਦੇ ਆਡੀਟੋਰੀਅਮ 'ਚ ਕਰਵਾਇਆ ਗਿਆ | ਜਿਸ 'ਚ ਸੰਸਥਾ ਦੇ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਤਾਵਾਂ ਨੇ ਬੜੀ ਖੁਸ਼ੀ ਅਤੇ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੀਆਂ ਮਾਤਾਵਾਂ ਵਲੋਂ ਬਹੁਤ ਹੀ ਖੂਬਸੂਰਤ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਨੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ | ਇਸ ਮੌਕੇ ਬੱਚਿਆਂ ਨੇ ਗੀਤ, ਕਵਿਤਾਵਾਂ, ਡਾਂਸ ਆਦਿ ਪੇਸ਼ ਕਰਕੇ ਮਾਂ ਦੇ ਸਤਿਕਾਰ ਅਤੇ ਪਿਆਰ ਨੂੰ ਪ੍ਰਗਟਾਇਆ | ਬੱਚਿਆਂ ਦੀਆਂ ਮਾਤਾਵਾਂ ਨੇ ਵੀ ਬੜੇ ਉਤਸ਼ਾਹ ਨਾਲ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਵਿਚ ਭਾਗ ਲੈਂਦਿਆਂ ਜਿੱਥੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਓਥੇ ਮਾਂ ਤੇ ਬੱਚਿਆਂ ਦੇ ਰਿਸ਼ਤੇ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ | ਸੰਸਥਾ ਦੇ ਚੇਅਰਮੈਨ ਛਿੰਦਰਪਾਲ ਸਿੰਘ, ਪ੍ਰਧਾਨ ਅਰਸ਼ਦੀਪ ਸਿੰਘ, ਐੱਮ. ਡੀ. ਸਾਹਿਲ ਪੱਬੀ ਤੇ ਪਿ੍ੰਸੀਪਲ ਮੈਡਮ ਕੋਮਲ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਾਂ ਸਾਡੇ ਜੀਵਨ ਦੀ ਪਹਿਲੀ ਅਧਿਆਪਕ ਹੁੰਦੀ ਹੈ ਅਤੇ ਉਸ ਦਾ ਸਤਿਕਾਰ ਕਰਨਾ ਹਰ ਇਕ ਦਾ ਫਰਜ਼ ਹੈ | ਅੰਤ 'ਚ ਸਕੂਲ ਪ੍ਰਬੰਧਕਾਂ ਵਲੋਂ ਵੱਖ-ਵੱਖ ਗਤੀਵਿਧੀਆਂ ਵਿਚ ਜੇਤੂ ਰਹੀਆਂ ਮਾਤਾਵਾਂ ਨੂੰ ਸਨਮਾਨਿਤ ਕੀਤਾ ਅਤੇ ਪਿ੍ੰਸੀਪਲ ਕੋਮਲ ਸ਼ਰਮਾ ਵਲੋਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ |