ਤਰਨ ਤਾਰਨ, 10 ਮਈ (ਇਕਬਾਲ ਸਿੰਘ ਸੋਢੀ)ਪਿਓ-ਪੁੱਤ ਦੀ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਪੁਲਿਸ ਵਲੋਂ ਕਾਰਵਾਈ ਨਾ ਕਰਨ 'ਤੇ ਪੀੜਤ ਪਰਿਵਾਰ ਵਲੋਂ ਐੱਸ.ਐੱਸ.ਪੀ. ਤਰਨ ਤਾਰਨ ਕੋਲ ਪੇਸ਼ ਹੋ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ ਕਿ ਉਨ੍ਹਾਂ ਨੂੰ ਸੱਟਾਂ ਲਗਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ | ਜਾਣਕਾਰੀ ਦਿੰਦੇ ਹੋਏ ਗੁਰਸਾਹਿਬ ਸਿੰਘ ਪੁੱਤਰ ਰਾਜੂ ਵਾਸੀ ਗਲੀ ਜੰਝ ਘਰ ਵਾਲੀ ਫਤਹਿ ਚੱਕ ਤਰਨ ਤਾਰਨ ਨੇ ਦੱਸਿਆ ਕਿ ਮੇਰਾ ਤਾਇਆ ਅਮਰੀਕ ਸਿੰਘ ਅਤੇ ਚਾਚਾ ਸਾਬਾ ਸਿੰਘ ਦੇ ਗੁਆਂਢੀਆਂ ਵਲੋਂ ਮੈਨੂੰ ਉਨ੍ਹਾਂ ਦੇ ਘਰ ਆਉਣ ਜਾਣ ਤੋਂ ਰੋਕਿਆ ਜਾਂਦਾ ਸੀ, ਜਦੋਂ ਅਸੀਂ ਉਨ੍ਹਾਂ ਨੂੰ ਕਾਰਨ ਪੁੱਛਿਆ ਤਾਂ ਉਹ ਅੱਗੋ ਗਾਲੀ ਗਲੋਚ ਕਰਦੇ ਸਨ | 23 ਅਪ੍ਰੈਲ ਨੂੰ ਸ਼ਾਮ 7 ਵਜੇ ਜਦੋਂ ਮੇਰਾ ਪਿਤਾ ਰਾਤੂ ਅਤੇ ਮੈਂ ਆਪਣੇ ਚਾਚਾ ਸਾਬਾ ਸਿੰਘ ਦੇ ਘਰੋਂ ਮੰਡੀ ਦੇ ਪੈਸਿਆਂ ਦਾ ਲੈਣ-ਦੇਣ ਕਰਨ ਲਈ ਗਏ ਸੀ ਤਾਂ ਸਾਨੂੰ ਚਾਚਾ ਘਰ ਨਹੀਂ ਮਿਲਿਆ ਅਤੇ ਜਦੋਂ ਅਸੀਂ ਦੋਵੇਂ ਪਿਓ ਪੁੱਤ ਘਰ ਨੂੰ ਵਾਪਸ ਆ ਰਹੇ ਸੀ ਤਾਂ ਮੇਰੇ ਚਾਚੇ ਦੇ ਗੁਆਂਢੀਆਂ ਨੇ ਸਾਡੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਤੇਜਧਾਰ ਹਥਿਆਰਾਂ ਨਾਲ ਸਾਡੇ 'ਤੇ ਹਮਲਾ ਕਰਕੇ ਸਾਨੂੰ ਗੰਭੀਰ ਸੱਟਾਂ ਲਗਾ ਦਿੱਤੀਆਂ | ਉਹ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਇਲਾਜ ਲਈ ਦਾਖ਼ਲ ਰਿਹਾ ਹੈ | ਗੁਰਸਾਹਿਬ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਥਾਣਾ ਸਿਟੀ ਤਰਨ ਤਾਰਨ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਹੈ ਪ੍ਰੰਤੂ ਪੁਲਿਸ ਵਲੋਂ ਉਨ੍ਹਾਂ ਨਾਲ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਉਹ ਥਾਣੇ ਦੇ ਚੱਕਰ ਕੱਟ-ਕੱਟ ਕੇ ਥੱਕ ਚੁੱਕੇ ਹਨ | ਉਨ੍ਹਾਂ ਨਾਲ ਕੁੱਟਮਾਰ ਕਰਨ ਵਾਲੇ ਵਿਅਕਤੀ ਸ਼ਰੇਆਮ ਬਾਹਰ ਘੁੰਮ ਰਹੇ ਹਨ ਅਤੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ | ਉਨ੍ਹਾਂ ਐੱਸ.ਐੱਸ.ਪੀ. ਪਾਸੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਕੁੱਟਮਾਰ ਕਰਕੇ ਸੱਟਾਂ ਮਾਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਇਨਸਾਫ਼ ਮਿਲ ਜਾਵੇ |