ਤਰਨ ਤਾਰਨ, 17 ਮਈ (ਪਰਮਜੀਤ ਜੋਸ਼ੀ) ਭਾਰਤ ਦੀ ਕੇਂਦਰੀ ਹਕੂਮਤ ਭਾਜਪਾ ਦੇ ਇਸ਼ਾਰੇ 'ਤੇ ਸੰਯੁਕਤ ਕਿਸਾਨ ਮੋਰਚੇ ਉਪਰ ਚੰਡੀਗੜ੍ਹ ਵਿਖੇ ਕੀਤੇ ਗਏ ਲਾਠੀਚਾਰਜ, ਅੱਥਰੂ ਗੈਸ ਦੇ ਗੋਲੇ ਸੁੱਟਣ ਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੇ ਵਿਰੋਧ ਵਜੋਂ ਪਿੰਡ ਸਰਹਾਲੀ ਖੁਰਦ ਵਿਖੇ ਪੰਜਾਬ ਦੇ ਗਵਰਨਰ ਅਤੇ ਕੇਂਦਰੀ ਹਕੂਮਤ ਦੀ ਅਰਥੀ ਫੂਕੀ ਗਈ | ਇਸ ਪ੍ਰੋਗਰਾਮ ਦੀ ਅਗਵਾਈ ਕਰਨ ਵਾਲੀ ਟੀਮ ਦੇ ਆਗੂਆਂ ਨਛੱਤਰ ਸਿੰਘ ਪੰਨੂ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਸੁਖਚੈਨ ਸਿੰਘ ਸਰਹਾਲੀ, ਮੇਹਰ ਸਿੰਘ ਸਖੀਰਾ ਬੀਕੇਯੂ ਉਗਰਾਹਾਂ, ਤਰਸੇਮ ਸਿੰਘ ਲੁਹਾਰ ਕੌਮੀ ਕਿਸਾਨ ਯੂਨੀਅਨ, ਸਿੰਘ ਸਖੀਰਾ ਆਦਿ ਆਗੂਆਂ ਨੇ ਦੱਸਿਆ ਕਿ ਕਿਸਾਨ ਗਵਰਨਰ ਨੂੰ ਮੰਗ ਪੱਤਰ ਦੇਣ ਗਏ ਸੀ ਕਿ ਬੀ.ਬੀ.ਐਮ.ਬੀ. ਬੋਰਡ ਵਿਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਨਾ ਕੀਤੀ ਜਾਵੇ, ਕੋਆਪ੍ਰੇਟਿਵ ਸੁਸਾਇਟੀਆਂ ਦੇ ਹੱਦ ਕਰਜ਼ੇ ਵਧਾਏ ਜਾਣ ਤੇ ਨਵੇਂ ਖਾਤੇ ਖੋਲ੍ਹੇ ਜਾਣ, ਪਾਣੀਆਂ ਦੇ ਮਸਲੇ ਦਾ ਹੱਲ ਰਿਪੇਰੀਅਨ ਸਿਧਾਂਤ ਅਨੁਸਾਰ ਕੀਤਾ ਜਾਵੇ, ਹਰ ਖੇਤ ਤੱਕ ਪਾਣੀ ਪਹੁੰਚਾਇਆ ਜਾਵੇ ਹਰ ਘਰ ਤੱਕ ਪੀਣ ਵਾਲੇ ਪਾਣੀ ਦੀ ਵਿਵਸਥਾ ਕੀਤੀ ਜਾਵੇ ਨਹਿਰਾਂ ਦਾ ਪ੍ਰਬੰਧ ਸੁਧਾਰਿਆ ਜਾਵੇ ਤੇ ਕਿਸਾਨਾਂ ਨਾਲ ਸਬੰਧਤ ਹੋਰ ਮੰਗਾਂ ਮੰਨੀਆਂ ਜਾਣ, ਪਰੰਤੂ ਪੰਜਾਬ ਦੇ ਗਵਰਨਰ ਨੇ ਮੰਗ ਪੱਤਰ ਲੈਣ ਦੀ ਬਜਾਏ ਪੁਲਿਸ ਵਲੋਂ ਕਿਸਾਨਾਂ ਤੇ ਜਬਰ ਢਾਹਿਆ ਗਿਆ | ਗਵਰਨਰ ਪੰਜਾਬ ਲਾਲ ਚੰਦ ਕਟਾਰੀਆ ਦੇ ਇਸ਼ਾਰੇ ਤੇ ਕਿਸਾਨਾਂ 'ਤੇ ਹੋਏ ਤਸ਼ੱਦਦ ਦੀ ਕਿਸਾਨ ਆਗੂ ਵਲੋਂ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ | ਕਿਸਾਨਾਂ ਨੇ 21 ਮਈ ਨੂੰ 11 ਵਜੇ ਗੁਰਦੁਆਰਾ ਬਾਬਾ ਸਧਾਣਾ ਸ਼ੇਰੋਂ ਪਹੁੰਚਣ ਦਾ ਸੱਦਾ ਦਿੱਤਾ ਤਾਂ ਜੋ ਉਥੋਂ ਇਕੱਤਰ ਹੋ ਕੇ ਖੰਡ ਮਿਲ ਵਿੱਚ ਪੱਕਾ ਮੋਰਚਾ ਲਾਇਆ ਜਾ ਸਕਦਾ ਸਕੇ | ਕਿਸਾਨਾਂ ਵਲੋਂ ਗਵਰਨਰ ਪੰਜਾਬ ਅਤੇ ਕੇਂਦਰੀ ਹਕੂਮਤ ਦਾ ਪੁਤਲਾ ਫੂਕਿਆ ਅਤੇ ਜ਼ੋਰਦਾਰ ਨਾਰੇਬਾਜ਼ੀ ਕੀਤੀ | ਇਸ ਮੌਕੇ ਪੂਰਨ ਸਿੰਘ ਗਿੱਲ. ਦਰਸ਼ਨ ਸਿੰਘ, ਗੁਰਮੇਤ ਸਿੰਘ, ਕਾਬਲ ਸਿੰਘ, ਕਸ਼ਮੀਰ ਸਿੰਘ, ਨਿੰਦਰ ਸਿੰਘ, ਮੋਹਨ ਸਿੰਘ, ਨਾਜਰ ਸਿੰਘ, ਤਾਰਾ ਸਿੰਘ, ਮਿਹਰ ਸਿੰਘ ਸਖੀਰਾ, ਤਰਸੇਮ ਸਿੰਘ ਫੌਜੀ, ਹਰਵਿੰਦਰ ਸਿੰਘ ਮਿੱਡਾ ਵਲੀਪੁਰ, ਬਲਵਿੰਦਰ ਸਿੰਘ ਮੁਗਲ ਚੱਕ, ਅਮਰਪ੍ਰੀਤ ਸਿੰਘ, ਗੁਰਚਰਨ ਸਿੰਘ, ਪ੍ਰਗਟ ਸਿੰਘ ਮੁਗਲ ਚੱਕ, ਰਣਜੀਤ ਸਿੰਘ, ਖਜਾਨ ਸਿੰਘ, ਸਰਪੰਚ ਕੁਲਵੰਤ ਸਿੰਘ ਕੋਟ ਆਦਿ ਆਗੂ ਮੌਜੂਦ ਸਨ |