ਤਰਨ ਤਾਰਨ, 17 ਮਈ (ਹਰਿੰਦਰ ਸਿੰਘ)-ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪਿੱਦੀ ਵਿਖੇ ਅਧਿਆਪਕਾਂ ਅਤੇ ਮਾਪਿਆਂ ਵਿਚਕਾਰ ਮੀਟਿੰਗ ਕਰਵਾਈ ਗਈ | ਇਸ ਮੀਟਿੰਗ ਵਿਚ ਮਾਪਿਆਂ ਦੇ ਨਾਲ ਸਾਰੇ ਵਿਦਿਆਰਥੀ ਵੀ ਸ਼ਾਮਿਲ ਸਨ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਮੈਡਮ ਸਰਬਜੀਤ ਕੌਰ ਨੇ ਆਪ ਵੀ ਬੱਚਿਆਂ ਦੇ ਮਾਪਿਆਂ ਨਾਲ ਰਾਬਤਾ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਮੀਟਿੰਗਾਂ ਵਿਚ ਸ਼ਾਮਿਲ ਹੋਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ, ਕਿਉਂਕਿ ਬੱਚੇ ਦੀ ਭਲਾਈ ਲਈ ਉਸਾਰੂ ਯੋਜਨਾਵਾਂ ਉਲੀਕਣਾ ਬਹੁਤ ਜ਼ਰੂਰੀ ਹੈ, ਤਾਂ ਜੋ ਰਹਿੰਦੇ ਸਮੇਂ ਵਿਚ ਵਧੀਆ ਨਤੀਜੇ ਪ੍ਰਾਪਤ ਕੀਤੇ ਜਾ ਸਕਣ | ਇਸ ਦੇ ਨਾਲ ਹੀ ਪਿ੍ੰਸੀਪਲ ਮੈਡਮ ਵਲੋਂ ਦੱਸਿਆ ਗਿਆ ਕਿ ਇਹ ਸੈਸ਼ਨ 2026-27 ਦੀ ਪਹਿਲੀ ਮੀਟਿੰਗ ਹੈ | ਉਨ੍ਹਾਂ ਨੇ ਨਵੇਂ ਵਿਦਿਆਰਥੀਆਂ ਨੇ ਮਾਪਿਆਂ ਦੇ ਨਾਲ ਵੀ ਗੱਲਬਾਤ ਕਰਦਿਆਂ ਹੋਇਆਂ ਉਨ੍ਹਾਂ ਦੀ ਕਾਰਗੁਜ਼ਾਰੀ ਬਾਰੇ ਦੱਸਿਆ | ਇਸ ਦੇ ਨਾਲ ਹੀ ਸਕੂਲ ਦੇ ਮੈਂਬਰ ਇੰਚਾਰਜ਼ ਗੁਰਿੰਦਰ ਸਿੰਘ ਲੋਹੇ ਵਾਲੇ ਅਤੇ ਸਤਵਿੰਦਰ ਸਿੰਘ ਵੀ ਇਸ ਮੌਕੇ 'ਤੇ ਸ਼ਾਮਿਲ ਸਨ | ਉਨ੍ਹਾਂ ਦੱਸਿਆ ਕਿ ਮਾਪੇ ਸਕੂਲ ਸੰਸਥਾ ਦੇ ਵਧੇਰੇ ਨੇੜੇ੍ਹ ਹੋਣੇ ਚਾਹੀਦੇ ਹਨ | ਬੱਚੇ ਦੇ ਸਰਬਪੱਖੀ ਵਿਕਾਸ ਅਤੇ ਅਕਾਦਮਿਕ ਸਫ਼ਲਤਾਵਾਂ ਨੰੂ ਯਕੀਨੀ ਬਣਾਉਣ ਲਈ ਮਾਪਿਆਂ ਅਤੇ ਅਧਿਆਪਕਾਂ ਦੇ ਵਿਚਕਾਰ ਆਪਸੀ ਸਹਿਯੋਗ ਦੀ ਭਾਵਨਾ ਦਾ ਹੋਣਾ ਬਹੁਤ ਜ਼ਰੂਰੀ ਹੈ | ਇਸ ਤੋਂ ਇਲਾਵਾ ਮਾਪਿਆਂ ਨੇ ਵੀ ਸਕੂਲ ਪ੍ਰਤੀ ਆਪਣੀਆਂ ਸਕਾਰਾਤਮਕ ਪ੍ਰਤਿਕਿਰਿਆਵਾਂ ਦਿੰਦੇ ਹੋਏ ਸਕੂਲ ਦੇ ਅਨੁਸ਼ਾਸਨ, ਪੜ੍ਹਾਈ ਅਤੇ ਸਾਰਾ ਸਾਲ ਹੋਣ ਵਾਲੀਆਂ ਗਤੀਵਿਧੀਆਂ ਉੱਪਰ ਗੱਲਬਾਤ ਕੀਤੀ | ਇਸ ਮੌਕੇ ਸਕੂਲ ਵਿੱਚ ਨਵੇਂ ਦਾਖ਼ਲ ਹੋਏ ਬੱਚਿਆਂ ਦੇ ਮਾਪੇ ਵੀ ਬਹੁਤ ਖੁਸ਼ ਸਨ ਅਤੇ ਸਕੂਲ ਵਿਚ ਹੋਣ ਵਾਲੀ ਵੱਖ-ਵੱਖ ਗਤੀਵਿਧੀਆਂ ਜਿਵੇਂ ਖੇਡਾਂ, ਪੜ੍ਹਾਈ, ਗਤਕਾ ਆਦਿ ਕਿਰਿਆਵਾਂ ਦੀ ਪ੍ਰਸੰਸਾ ਵੀ ਕੀਤੀ |