ਭਿੱਖੀਵਿੰਡ, 17 ਮਈ (ਬੌਬੀ)- ਸੰਯੁਕਤ ਮੋਰਚੇ ਦੇ ਫੈਸਲੇ ਅਨੁਸਾਰ ਬਲਦੇਵ ਸਿੰਘ ਕੁੱਲ ਹਿੰਦ ਕਿਸਾਨ ਸਭਾ, ਕੇਵਲ ਸਿੰਘ ਕੰਬੋਕੇ ਜਮਹੂਰੀ ਕਿਸਾਨ ਸਭਾ ਅਤੇ ਪ੍ਰਤਾਪ ਸਿੰਘ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਸਾਂਝੀ ਅਗਵਾਈ ਵਿਚ ਭਾਜਪਾ ਅਤੇ ਗਵਰਨਰ ਪੰਜਾਬ ਦਾ ਪੁਤਲਾ ਫੂਕਿਆ ਗਿਆ | ਇਹ ਪੁਤਲਾ ਭਾਜਪਾ ਦੀ ਅਗਵਾਈ ਵਿਚ ਚਲ ਰਹੀ ਕੇਂਦਰੀ ਸਰਕਾਰ ਵਲੋਂ ਬੀ.ਬੀ.ਐਮ. ਵਿਚੋਂ ਪੰਜਾਬ ਦੀ ਸਥਾਈ ਮੈਬਰੀਂ ਖਤਮ ਕਰਨ, ਪੰਜਾਬ ਨੂੰ ਰੈਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਦੇ ਦਰਿਆਵਾਂ ਦਾ ਪਾਣੀ ਨਾ ਦੇਣ ਅਤੇ ਪੰਜਾਬ ਯੂਨੀਵਰਸਿਟੀ ਪੰਜਾਬ ਨੂੰ ਨਾ ਦੇਣ ਦੇ ਵਿਰੋਧ ਵਿਚ ਅਤੇ ਹੋਰ ਕਿਸਾਨ ਮੰਗਾਂ ਦੀ ਪ੍ਰਾਪਤੀ ਲਈ ਸੰਯੁਕਤ ਮੋਰਚੇ ਦੇ ਸੱਦੇ ਤੇ ਗਵਰਨਰ ਪੰਜਾਬ ਨੂੰ ਮਾਰਚ ਕਰਕੇ ਮੰਗ ਪੱਤਰ ਦੇਣ ਗਏ ਕਿਸਾਨਾਂ ਤੇ ਢਾਏ ਗਏ ਤਸ਼ੱਦਦ ਦੇ ਵਿਰੋਧ ਵਿਚ ਗਵਰਨਰ ਪੰਜਾਬ ਅਤੇ ਭਾਜਪਾ ਦਾ ਪੁਤਲਾ ਫੂਕਿਆ | ਇਸ ਮੌਕੇ ਸੂਬਾਈ ਕਿਸਾਨ ਆਗੂਆਂ ਮੇਜਰ ਸਿੰਘ ਭਿੱਖੀਵਿੰਡ, ਦਲਜੀਤ ਸਿੰਘ ਦਿਆਲਪੁਰਾ, ਦਿਲਬਾਗ ਸਿੰਘ ਮਾੜੀ ਗੌੌੜ ਸਿੰਘ, ਬਚਿੱਤਰ ਸਿੰਘ ਜੌਣੇਕੇ, ਕੁਲਵੰਤ ਸਿੰਘ ਜੇ.ਈ., ਕੁਲਦੀਪ ਸਿੰਘ ਚੂਸਲੇਵੜ, ਬਿਕਰ ਸਿੰਘ ਭਗਵਾਨਪੁਰਾ, ਨਿਸ਼ਾਨ ਸਿੰਘ ਕੰਬੋਕੇ, ਗੁਰਦਿਆਲ ਸਿੰਘ ਵਾਂ, ਮਿਲਖਾ ਸਿੰਘ ਵਾਂ ਅਤੇ ਹੀਰਾ ਸਿੰਘ ਵੀ ਮੌਜੂਦ ਸਨ | ਇਸ ਐਕਸ਼ਨ ਦੀ ਦਿਹਾਤੀ ਮਜਦੂਰ ਸਭਾ ਦੇ ਆਗੂਆਂ ਜਸਵੰਤ ਸਿੰਘ ਕਲੌਨੀ ਭਿਖੀਵਿੰਡ ਅਤੇ ਸ਼ਾਮ ਲਾਲ ਭਗਵਾਨਪੁਰਾ ਨੇ ਵੀ ਨਾਅਰੇ ਮਾਰ ਕੇ ਹਮਾਇਤ ਕੀਤੀ | ਅੰਤ ਵਿਚ ਮੇਜਰ ਸਿੰਘ ਭਿਖੀਵਿੰਡ ਨੇ ਐਕਸ਼ਨ ਵਿਚ ਸ਼ਾਮਿਲ ਕਿਸਾਨਾਂ ਦਾ ਧੰਨਵਾਦ ਕੀਤਾ |