ਖਡੂਰ ਸਾਹਿਬ, 17 ਮਈ (ਰਸ਼ਪਾਲ ਸਿੰਘ ਕੁਲਾਰ)- ਬਾਬਾ ਸੇਵਾ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੀ ਸੰਸਥਾ ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਖਡੂਰ ਸਾਹਿਬ ਦੀ ਬਾਰ੍ਹਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੀ ਵਿਦਿਆਰਥਣ ਅਵਨੂਰਪ੍ਰੀਤ ਕੌਰ (ਮੈਡੀਕਲ) ਨੇ ਪਹਿਲਾ ਸਥਾਨ ਹਾਸਿਲ ਕਰਦੇ ਹੋਏ 95.8 ਫ਼ੀਸਦੀ ਅੰਕ ਪ੍ਰਾਪਤ ਕੀਤੇ, ਸ਼ਮਸ਼ੇਰ ਸਿੰਘ (ਕਾਮਰਸ) ਨੇ 94.8 ਪ੍ਰਤੀਸ਼ਤ ਅੰਕ ਲੈ ਕੇ ਦੂਜਾ ਸਥਾਨ ਅਤੇ ਹਰਲੀਨ ਕੌਰ (ਮੈਡੀਕਲ) ਨੇ 92.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਕਾਰ ਸੇਵਾ ਖਡੂਰ ਸਾਹਿਬ ਵਲੋਂ ਬਾਬਾ ਗੁਰਪ੍ਰੀਤ ਸਿੰਘ ਅਤੇ ਬਾਬਾ ਬਲਦੇਵ ਸਿੰਘ ਨੇ ਸੀ.ਬੀ.ਐੱਸ.ਈ. ਬੋਰਡ ਵਲੋਂ ਲਈ ਗਈ ਪ੍ਰੀਖਿਆ ਵਿਚੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਦੀ ਸਵੇਰ ਦੀ ਸਭਾ ਵਿਚ ਸਨਮਾਨਿਤ ਕੀਤਾ ਅਤੇ ਚੰਗੇ ਨਤੀਜਿਆਂ ਦੀ ਸ਼ਲਾਘਾ ਕਰਦੇ ਹੋਏ ਭਵਿੱਖ ਵਿਚ ਇਸ ਤੋਂ ਵੀ ਵੱਡੀਆਂ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ ਗਿਆ | ਸਕੂਲ ਦੇ ਪਿ੍ੰਸੀਪਲ ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੈਸ਼ਨ 2025-26 ਦੀ ਸੀ.ਬੀ.ਐੱਸ.ਈ. ਬੋਰਡ ਦੀ ਪ੍ਰੀਖਿਆ ਵਿਚ ਸਕੂਲ ਦੇ 139 ਵਿਦਿਆਰਥੀਆਂ ਵਲੋਂ ਇਮਤਿਹਾਨ ਦਿੱਤਾ ਗਿਆ ਸੀ, ਜਿੰਨਾਂ ਵਿਚੋਂ 7 ਵਿਦਿਆਰਥੀਆਂ ਵਲੋਂ 90 ਫ਼ੀਸਦੀ ਤੋਂ ਉੱਪਰ ਅਤੇ 40 ਵਿਦਿਆਰਥੀਆਂ ਵਲੋਂ 80 ਫ਼ੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ | ਉਨ੍ਹਾਂ ਕਿਹਾ ਕਿ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਸਦਕਾ ਅਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਸਕੂਲ ਦੇ ਛੇਵੇਂ ਬੈਚ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਮੌਕੇ ਸਕੂਲ ਦੇ ਹੈੱਡ ਮਿਸਟ੍ਰੈਸ ਨਵਪ੍ਰੀਤ ਕੌਰ ਅਤੇ ਬਾਰ੍ਹਵੀਂ ਦੇ ਵਿਸ਼ਾ ਅਧਿਆਪਕ ਹਾਜਰ ਸਨ |