ਤਰਨ ਤਾਰਨ, 17 ਮਈ (ਹਰਿੰਦਰ ਸਿੰਘ)-ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ 12ਵੇਂ ਮੁਖੀ ਸਿੰਘ ਸੰਤ ਬਾਬਾ ਅਵਤਾਰ ਸਿੰਘ ਦੀ ਰਹਿਨੁਮਾਈ ਹੇਠ ਸੱਚਖੰਡ ਵਾਸੀ ਬਾਬਾ ਸਾਹਿਬ ਸਿੰਘ ਦੀ ਸਾਲਾਨਾ ਬਰਸੀ ਗੁਰਦੁਆਰਾ ਬਾਬਾ ਲਖਮੀ ਦਾਸ ਜੀ ਤੇ ਬਾਬਾ ਸ੍ਰੀ ਚੰਦ ਇਜਾਣੀ ਮਾੜੀ ਸਾਹਿਬ (ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ) ਵਿਖੇ ਮਨਾਈ ਜਾ ਰਹੀ ਹੈ | ਇਸ ਸੰਬੰਧ 'ਚ ਜਾਣਕਾਰੀ ਦਿੰਦਿਆਂ ਜਥੇ. ਸ਼ੇਰ ਸਿੰਘ ਸਾਂਡਵਾਲਾ, ਬਾਬਾ ਹਰਜਿੰਦਰ ਸਿੰਘ, ਬਾਬਾ ਗੁਰਮੁਖ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ ਸਾਰਾ ਦਿਨ ਸੰਗਤਾਂ ਸਮੇਤ ਹਾਜ਼ਰੀਆਂ ਭਰਨਗੇ | ਉਨ੍ਹਾਂ ਦੱਸਿਆ ਕਿ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ 10ਵੇਂ ਜਾਨਸ਼ੀਨ ਸੰਤ ਬਾਬਾ ਸੋਹਨ ਸਿੰਘ ਦੇ ਵੱਡੇ ਸਪੁੱਤਰ ਬਾਬਾ ਸਾਹਬ ਸਿੰਘ ਅਤੇ ਛੋਟੇ ਸਪੁੱਤਰ ਸੰਤ ਬਾਬਾ ਦਯਾ ਸਿੰਘ ਅਤੇ ਇਕ ਸਪੁੱਤਰੀ ਹਨ, ਜੋ ਗਿਆਨੀ ਪ੍ਰਤਾਪ ਸਿੰਘ ਦੇ ਮਾਤਾ ਜੀ ਹਨ | ਬਾਬਾ ਸਾਹਬ ਸਿੰਘ ਦੇ 2 ਸਪੁੱਤਰ ਸਨ, ਜਿਨ੍ਹਾਂ 'ਚ ਵੱਡੇ ਮਹੰਤ ਗੁਰਦਿਆਲ ਸਿੰਘ ਅਤੇ ਬਾਬਾ ਸਤਨਾਮ ਸਿੰਘ ਸਨ, ਜੋ ਪਿੰਡ ਸੁਰ ਸਿੰਘ ਦੇ 10 ਸਾਲ ਸਰਪੰਚ ਰਹੇ ਸਨ | ਖਾਸੀਅਤ ਇਹ ਹੈ ਕਿ ਮਹੰਤ ਗੁਰਦਿਆਲ ਸਿੰਘ ਦਾ ਕੱਦ 7 ਫੁੱਟ ਦੇ ਕਰੀਬ ਸੀ | ਇਹ ਸਮਾਗਮ ਬਾਬਾ ਸਾਹਬ ਸਿੰਘ ਦੀ ਯਾਦ ਵਿਚ ਪਹਿਲਾਂ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਹਰਿਗੋਬਿੰਦ ਸਾਹਿਬ ਵਿਖੇ ਮਨਾਇਆ ਜਾਂਦਾ ਸੀ | ਇਸ ਦਿਨ ਬਾਬਾ ਸਾਹਬ ਸਿੰਘ ਸੱਚਖੰਡ ਜਾ ਬਿਰਾਜੇ ਸਨ | ਇਸ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸੁਰ ਸਿੰਘ ਵਿਖੇ ਭਾਈ ਭਾਗ ਮੱਲ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਸ ਪਿੰਡ ਆਉਣ ਦੇ ਸਾਲਾਨਾ ਜੋੜ ਮੇਲੇ ਦੇ ਸ੍ਰੀ ਅਖੰਡ ਜਾਪ ਆਰੰਭ ਹੁੰਦੇ ਹਨ | ਗੁਰਦੁਆਰਾ ਇਜਾਣੀ ਮਾੜੀ, ਜੋ ਅੰਮਿ੍ਤਸਰ-ਖੇਮਕਰਨ ਰੋਡ 'ਤੇ ਸਥਿਤ ਹੈ ਅਤੇ ਇਸ ਅਸਥਾਨ 'ਤੇ ਸਰੋਵਰ ਸ਼ੁਸੋਭਿਤ ਹੈ | ਮਾਨਤਾ ਹੈ ਕਿ ਇਸ ਸਰੋਵਰ ਵਿਚ 5 ਐਤਵਾਰ ਇਸ਼ਨਾਨ ਕਰਵਾਉਣ ਨਾਲ ਸੁੱਕੇ ਬੱਚੇ ਹਰੇ ਭਾਵ ਮੋਟੇ ਤਾਜ਼ੇ ਹੋ ਜਾਂਦੇ ਹਨ | ਬਾਬਾ ਸਾਹਿਬ ਸਿੰਘ ਦੀ ਬਰਸੀ ਸਮਾਗਮ ਮੌਕੇ ਅੱਜ 18 ਮਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਕੀਤੇ ਜਾਣਗੇ ਅਤੇ 20 ਮਈ ਦਿਨ ਬੁੱਧਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ | ਉਪਰੰਤ ਕਥਾ ਕੀਰਤਨ ਹੋਵੇਗਾ ਅਤੇ ਸਾਰਾ ਦਿਨ ਦੀਵਾਨ ਚੱਲਣਗੇ | ਗੁਰੂ ਅਤੁੱਟ ਲੰਗਰ ਵਰਤਾਇਆ ਜਾਵੇਗਾ |