ਤਰਨ ਤਾਰਨ, 17 ਮਈ (ਇਕਬਾਲ ਸਿੰਘ ਸੋਢੀ)-ਭਾਰਤ ਸਰਕਾਰ ਦੇ ਮਰਦਮਸ਼ੁਮਾਰੀ ਵਿਭਾਗ ਵਲੋਂ ਆਜ਼ਾਦੀ ਤੋਂ ਬਾਅਦ ਸਾਲ 2026-27 ਦੌਰਾਨ ਮਕਾਨਾਂ ਦੀ ਹਾਲਤ, ਸਹੂਲਤਾਂ ਤੇ ਸੰਪਤੀਆਂ ਆਦਿ ਸਮੇਤ ਵੱਖ-ਵੱਖ ਪੱਖਾਂ ਨੂੰ ਅਧਾਰ ਬਣਾ ਕੇ 8ਵੀਂ ਮਰਦਮਸ਼ੁਮਾਰੀ ਕਰਵਾਈ ਜਾ ਰਹੀ ਹੈ | ਇਸ ਮਰਦਮਸ਼ੁਮਾਰੀ ਵਿਚ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਦੇ ਵੱਖ-ਵੱਖ ਬਲਾਕਾਂ ਵਿਚ ਡਿਊਟੀਆਂ ਲਗਾਈਆਂ ਗਈਆਂ ਹਨ | ਅਧਿਆਪਕਾਂ ਨੰੂ ਅਲਾਟ ਕੀਤੇ ਗਏ ਬਹੁਤੇ ਬਲਾਕ ਉਨ੍ਹਾਂ ਦੇ ਸਕੂਲ ਅਤੇ ਰਿਹਾਇਸ਼ ਤੋਂ ਦੂਰ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਬੀ.ਐੱਡ ਅਧਿਆਪਕ ਫਰੰਟ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਪ੍ਰਭਜੋਤ ਸਿੰਘ ਗੋਹਲਵੜ ਨੇ ਕਿਹਾ ਕਿ ਇਕ ਤਾਂ ਗਰਮੀਂ ਸਿਖਰਾਂ 'ਤੇ ਪੈ ਰਹੀ ਹੈ, ਉਪਰੋਂ ਵਿਭਾਗ ਵਲੋਂ ਅਧਿਆਪਕਾਂ ਨੂੰ ਬਹੁਤ ਵੱਡੇ-ਵੱਡੇ ਜਨਗਣਨਾ ਬਲਾਕ ਦੇ ਮਰਦਮਸ਼ੁਮਾਰੀ ਦਾ ਕੰਮ ਬਹੁਤ ਹੀ ਘੱਟ ਸਮੇਂ ਵਿਚ ਜਲਦੀ ਤੋਂ ਜਲਦੀ ਕਰਨ ਦਾ ਨਾਦਰਸ਼ਾਹੀ ਫ਼ਰਮਾਨ ਜਾਰੀ ਕੀਤਾ ਹੋਇਆ ਹੈ, ਜਿਸ ਕਰਕੇ ਮਰਦਮਸ਼ੁਮਾਰੀ ਡਿਊਟੀ 'ਤੇ ਤਾਇਨਾਤ ਕਰਮਚਾਰੀ ਭਾਰੀ ਮਾਨਸਿਕ ਪ੍ਰੇਸ਼ਾਨੀ ਵਿਚੋਂ ਲੰਘ ਰਹੇ ਹਨ | ਬੇਸ਼ੱਕ ਪੰਜਾਬ ਸਰਕਾਰ ਨੇ ਐਡਵਾਈਜਰੀ ਜਾਰੀ ਕਰਕੇ ਮਰਦਮਸ਼ੁਮਾਰੀ ਕਰ ਰਹੇ ਮੁਲਾਜ਼ਮਾਂ ਨੂੰ ਰਾਹਤ ਦਿੰਦਿਆਂ ਸਵੇਰ ਦੇ ਵੇਲੇ ਜਾਂ ਸ਼ਾਮ ਨੂੰ ਡਿਊਟੀ ਕਰਨ ਲਈ ਸੁਚੇਤ ਕਰਨ ਸੰਬੰਧੀ ਪੱਤਰ ਜਾਰੀ ਕੀਤਾ ਹੈ, ਪ੍ਰੰਤੂ ਅਜੇ ਵੀ ਦੇਖਣ ਵਿਚ ਆਇਆ ਹੈ ਕਿ ਬਹੁਤ ਸਥਾਨਾਂ 'ਤੇ ਸਕੂਲ ਮੁਖੀ ਅਤੇ ਅਫਸਰ ਸਵੇਰ ਵੇਲੇ ਅਧਿਆਪਕਾਂ ਨੂੰ ਫਾਰਗ ਨਾ ਕਰਕੇ ਸਿਖਰ ਦੁਪਹਿਰ ਦੋ ਵਜੇ ਤੋਂ ਬਾਅਦ ਡਿਊਟੀ ਕਰਨ ਲਈ ਦਬਾਅ ਬਣਾ ਰਹੇ ਹਨ, ਜੋ ਕਿ ਸਰਾਸਰ ਸਰਕਾਰ ਵਲੋਂ ਜਾਰੀ ਕੀਤੀ ਐਡਵਾਈਜਰੀ ਦੀ ਉਲੰਘਣਾ ਵੀ ਹੈ ਅਤੇ ਮਨੁੱਖੀ ਤੌਰ 'ਤੇ ਤਸ਼ੱਦਦ ਵੀ, ਕਿਉਂਕਿ ਸਿਖਰ ਦੁਪਹਿਰੇ ਲੋਕ ਘਰਾਂ ਵਿਚ ਸੁੱਤੇ ਹੁੰਦੇ ਹਨ ਅਤੇ ਉਹ ਆਮ ਤੌਰ 'ਤੇ ਘਰ ਦੇ ਦਰਵਾਜੇ ਨਹੀਂ ਖੋਲ੍ਹਦੇ, ਜਿਸ ਦੇ ਸਿੱਟੇ ਵਜੋਂ ਅਧਿਆਪਕਾਂ ਨੂੰ ਬਹੁਤ ਹੀ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ | ਖਾਸ ਤੌਰ 'ਤੇ ਔਰਤ ਮੁਲਾਜ਼ਮਾਂ ਦੇ ਲਈ ਇਸ ਸਮੇਂ ਮਰਦਮਸ਼ੁਮਾਰੀ ਕਰਨਾ ਹੋਰ ਵੀ ਖਤਰਨਾਕ ਹੈ, ਕਿਉਂਕਿ ਪਿੰਡਾਂ ਦੀਆਂ ਸੁੰਨੀਆਂ ਗਲੀਆਂ ਦੇ ਵਿਚ ਇਕੱਲੀਆਂ ਔਰਤ ਅਧਿਆਪਕਾਂਵਾਂ ਨਾਲ ਅੱਜ ਦੇ ਖਰਾਬ ਮਾਹੌਲ ਵਿਚ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ | ਸਕੂਲ ਸਮੇਂ ਤੋਂ ਬਾਅਦ 2 ਤੋਂ 5 ਵਜੇ ਤੱਕ ਗਰਮੀ ਆਪਣੇ ਸਿਖਰਾਂ 'ਤੇ ਹੁੰਦੀ ਹੈ ਅਤੇ ਵੱਖ-ਵੱਖ ਰਾਜਾਂ 'ਚ ਇਸ ਸਮੇਂ ਦੌਰਾਨ ਡਿਊਟੀ ਕਰ ਰਹੇ ਮੁਲਾਜ਼ਮਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣਾ ਪਿਆ ਹੈ | ਦਫਤਰ 'ਚ ਏ.ਸੀ. ਦੇ ਥੱਲੇ ਬੈਠ ਕੇ ਦੂਸਰਿਆਂ ਨੂੰ ਹੁਕਮ ਦੇ ਕੇ ਦੁਪਹਿਰ ਵੇਲੇ ਮਰਦਮਸ਼ੁਮਾਰੀ ਕਰਾਉਣਾ ਸਰਕਾਰ ਦੀ ਸੌੜੀ ਮਾਨਸਿਕਤਾ ਦਾ ਪ੍ਰਤੀਕ ਹੈ | ਘੱਟ ਸਮੇਂ ਵਿਚ ਮਰਦਮਸ਼ੁਮਾਰੀ ਦਾ ਕੰਮ ਮੁਕੰਮਲ ਕਰਨਾ ਨਾ ਮੁਮਕਿਨ ਹੈ | ਉਨ੍ਹਾਂ ਦੱਸਿਆ ਕਿ ਲੁਧਿਆਣਾ, ਮਲੇਰਕੋਟਲਾ, ਅੰਮਿ੍ਤਸਰ, ਮੋਹਾਲੀ, ਸ੍ਰੀ ਅਨੰਦਪੁਰ ਸਾਹਿਬ, ਕਪੂਰਥਲਾ, ਖੰਨਾ, ਲੁਧਿਆਣਾ, ਸ੍ਰੀ ਫਤਿਹਗੜ੍ਹ ਸਾਹਿਬ ਆਦਿ ਕਈ ਜ਼ਿਲਿ੍ਹਆਂ ਵਿਚ ਅੱਤ ਦੀ ਵੱਧਦੀ ਹੋਈ ਗਰਮੀ ਅਤੇ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ 'ਚ ਰੱਖਦੇ ਹੋਏ ਡਿਊਟੀ ਚਾਰਜ ਅਫਸਰਾਂ ਵਲੋਂ ਸਕੂਲ ਡਿਊਟੀ ਤੋਂ ਦਿੱਤੀ ਹੈ, ਤਾਂ ਕਿ ਸਰਕਾਰ ਦੁਆਰਾ ਕਰਵਾਈ ਜਾ ਰਹੀ ਇਸ ਮਰਦਮ ਸ਼ੁਮਾਰੀ ਨੂੰ ਸਹੀ ਸਮੇਂ ਅਤੇ ਸਹੀ ਤਰੀਕੇ ਦੇ ਨਾਲ ਪੂਰਾ ਕੀਤਾ ਜਾ ਸਕੇ | ਇਸ ਮੌਕੇ ਕੁਲਵਿੰਦਰਜੀਤ ਸਿੰਘ, ਅਰੁਣ ਸ਼ਰਮਾ, ਵਰਿੰਦਰਪਾਲ ਸਿੰਘ, ਗੁਰਸਾਹਿਬ ਸਿੰਘ, ਭੁਪਿੰਦਰ ਸਿੰਘ, ਅਮਨਦੀਪ ਸਿੰਘ ਭੁੱਲਰ, ਦਵਿੰਦਰ ਸਿੰਘ ਖਹਿਰਾ, ਜਗਦੇਵ ਸਿੰਘ, ਸੁਖਬੀਰ ਸਿੰਘ, ਦਿਨੇਸ਼ ਕੁਮਾਰ ਸ਼ਰਮਾ, ਪਲਵਿੰਦਰ ਸਿੰਘ, ਅਮਰਜੀਤ ਸਿੰਘ, ਸੁਰਜੀਤ ਸਿੰਘ, ਦਵਿੰਦਰ ਸਿੰਘ, ਹਰਪਾਲ ਸਿੰਘ, ਜਗਜੀਤ ਸਿੰਘ, ਗੁਰਦੇਵ ਸਿੰਘ, ਪਰਮਿੰਦਰ ਸਿੰਘ, ਬਲਰਾਜ ਸਿੰਘ, ਬਲਜਿੰਦਰ ਸਿੰਘ, ਗੁਰਭੇਜ ਸਿੰਘ, ਤਜਿੰਦਰ ਸਿੰਘ, ਹਰਮਿੰਦਰ ਸਿੰਘ, ਗੁਰਵੇਲ ਸਿੰਘ, ਗਗਨਦੀਪ ਸਿੰਘ, ਸਿੰਘ ਆਦਿ ਹਾਜ਼ਰ ਸਨ |