ਤਰਨ ਤਾਰਨ, 18 ਮਈ (ਹਰਿੰਦਰ ਸਿੰਘ)ਜਨਗਣਨਾ-2027 ਤਹਿਤ ਪਹਿਲੇ ਫੇਜ਼, ਹਾਊਸ ਲਿਸਟਿੰਗ ਆਪ੍ਰੇਸ਼ਨ ਦਾ ਕੰਮ ਮਿਤੀ 15 ਮਈ 2026 ਤੋਂ ਸ਼ੁਰੂ ਹੋ ਚੁੱਕਾ ਹੈ, ਜੋ ਕਿ 13 ਜੂਨ 2026 ਤੱਕ ਚੱਲੇਗਾ | ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੰਮ ਲਈ ਤਰਨ ਤਾਰਨ ਜ਼ਿਲ੍ਹੇ ਅੰਦਰ 1950 ਗਿਣਤੀਕਾਰ ਅਤੇ 323 ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਹਨ, ਜੋ ਕਿ ਘਰ-ਘਰ ਜਾ ਕੇ ਆਨਲਾਈਨ ਪੋਰਟਲ 'ਤੇ ਡਾਟਾ ਇਕੱਤਰ ਕਰਨਗੇ | ਉਨ੍ਹਾਂ ਵਲੋਂ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਸਰਕਾਰ ਦੇ ਇਸ ਮਹੱਤਵਪੂਰਨ ਕੰਮ ਵਿੱਚ ਅਧਿਕਾਰੀਆਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ | ਡਿਪਟੀ ਕਮਿਸ਼ਨਰ ਵਲੋਂ ਇਹ ਵੀ ਦੱਸਿਆ ਗਿਆ ਕਿ ਜਨਗਣਨਾ ਦੇ ਇਸ ਕੰਮ ਵਿਚ ਕਿਸੇ ਵੀ ਨਾਗਰਿਕ ਕੋਲੋਂ ਕਿਸੇ ਵੀ ਤਰਾਂ ਦੇ ਦਸਤਾਵੇਜ਼, ਜਿਵੇਂ ਕਿ ਆਧਾਰ ਕਾਰਡ, ਪੈਨ ਕਾਰਡ ਜਾਂ ਓ.ਟੀ.ਪੀ. ਆਦਿ ਦੀ ਮੰਗ ਨਹੀਂ ਕੀਤੀ ਜਾਵੇਗੀ | ਇਸ ਤੋਂ ਇਲਾਵਾ ਅਧਿਕਾਰਿਤ ਗਿਣਤੀਕਾਰਾਂ ਨੂੰ ਸਰਕਾਰ ਵਲੋਂ ਆਈ.ਡੀ. ਕਾਰਡ ਜਾਰੀ ਕੀਤਾ ਗਿਆ ਹੈ, ਜਿਸ 'ਤੇ ਕਿਊ.ਆਰ ਕੋਡ ਦਰਜ ਹੈ | ਇਸ ਤੋਂ ਕਿਸੇ ਵੀ ਨਾਗਰਿਕ ਨੂੰ ਗਿਣਤੀਕਾਰ ਦੀ ਪੂਰੀ ਜਾਣਕਾਰੀ ਮੁਹੱਈਆ ਹੋ ਸਕਦੀ ਹੈ | ਉਨਾਂ ਜਨਗਣਨਾ ਦੇ ਕੰਮ ਲਈ ਤਾਇਨਾਤ ਕੀਤੇ ਗਏ ਸਮੂਹ ਅਮਲੇ ਨੂੰ ਨਿਰਮਧਾਰਤ ਸਮੇਂ ਅੰਦਰ ਕੰਮ ਮੁਕੰਮਲ ਕਰਨ ਦੀ ਹਦਾਇਤ ਕੀਤੀ ਅਤੇ ਇਹ ਵੀ ਐਲਾਨ ਕੀਤਾ ਕਿ ਸਭ ਤੋਂ ਪਹਿਲਾਂ ਕੰਮ ਖ਼ਤਮ ਕਰਨ ਵਾਲੇ 10 ਗਿਣਤੀਕਾਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ |