ਤਰਨ ਤਾਰਨ, 19 ਮਈ (ਹਰਿੰਦਰ ਸਿੰਘ)ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਸੁਪਰੀਮ ਕੋਰਟ ਆਫ਼ ਇੰਡੀਆ ਵਲੋਂ ਖ਼ਤਰਨਾਕ ਅਤੇ ਹਲਕੇ ਹੋਏ ਅਵਾਰਾ ਕੁੱਤਿਆਂ ਨੂੰ ਮੌਤ ਦੇ ਟੀਕੇ ਲਗਾਉਣ ਦੇ ਫੈਸਲੇ ਦਾ ਜ਼ੋਰਦਾਰ ਸਮਰਥਨ ਕੀਤਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਰਨੈਲ ਸਿੰਘ ਪੀਰ ਮੁਹੰਮਦ ਨੇ ਅਦਾਲਤ ਦੇ ਇਸ ਕਦਮ ਨੂੰ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਲਈ ਬੇਹੱਦ ਜ਼ਰੂਰੀ ਅਤੇ ਸ਼ਲਾਘਾਯੋਗ ਦੱਸਿਆ | ਇਸ ਦੇ ਨਾਲ ਹੀ ਸਮਾਜਿਕ ਬੁਰਾਈਆਂ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਕ ਬੇਹੱਦ ਸਖ਼ਤ ਅਤੇ ਵੱਡੀ ਮੰਗ ਚੁੱਕੀ ਹੈ | ਉਨ੍ਹਾਂ ਕਿਹਾ ਕਿ ਜਿਹੜੇ ਮਨੁੱਖੀ ਜਾਮੇ ਵਿਚ ਛੁਪੇ ਦਰਿੰਦੇ ਛੋਟੇ ਬੱਚਿਆਂ, ਧੀਆਂ ਅਤੇ ਔਰਤਾਂ ਨਾਲ ਜਬਰ-ਜਨਾਹ (ਕੁਕਰਮ) ਵਰਗੇ ਘਿਨਾਉਣੇ ਅਪਰਾਧ ਕਰਦੇ ਹਨ, ਉਨ੍ਹਾਂ ਨਾਲ ਵੀ ਸਮਾਜ ਵਿਚ ਅਜਿਹਾ ਹੀ ਸਲੂਕ ਕੀਤਾ ਜਾਣਾ ਚਾਹੀਦਾ ਹੈ, ਤਾਂ ਹੀ ਸਮਾਜ ਵਿਚੋਂ ਗੰਦਗੀ ਖ਼ਤਮ ਹੋਵੇਗੀ | ਉਨ੍ਹਾਂ ਆਖਿਆ ਕਿ ਜਿਸ ਤਰ੍ਹਾਂ ਹਲਕੇ ਅਤੇ ਖ਼ਤਰਨਾਕ ਕੁੱਤੇ ਇਨਸਾਨੀ ਜਾਨਾਂ ਲਈ ਖ਼ਤਰਾ ਬਣਦੇ ਹਨ, ਉਵੇਂ ਹੀ ਮਾਸੂਮ ਬੱਚਿਆਂ ਅਤੇ ਔਰਤਾਂ ਦੀ ਅਸਮਤ ਨੂੰ ਤਾਰ-ਤਾਰ ਕਰਨ ਵਾਲੇ ਅਪਰਾਧੀ ਵੀ ਸਮਾਜ 'ਤੇ ਇਕ ਬਦਨੁਮਾ ਦਾਗ਼ ਹਨ | ਅਜਿਹੇ ਗੰਦੇ ਅਨਸਰਾਂ ਨੂੰ ਸਮਾਜ ਵਿਚ ਜਿਊਣ ਦਾ ਕੋਈ ਹੱਕ ਨਹੀਂ ਹੈ | ਜਦੋਂ ਤੱਕ ਇਨ੍ਹਾਂ ਦਰਿੰਦਿਆਂ ਨੂੰ ਅਵਾਰਾ ਤੇ ਹਲਕੇ ਕੁੱਤਿਆਂ ਵਾਂਗ ਖ਼ਤਮ ਕਰਨ ਜਾਂ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦਾ ਕਾਨੂੰਨ ਨਹੀਂ ਬਣਦਾ, ਉਦੋਂ ਤੱਕ ਸਮਾਜ ਵਿਚੋਂ ਇਸ ਗੰਦਗੀ ਨੂੰ ਸਾਫ਼ ਨਹੀਂ ਕੀਤਾ ਜਾ ਸਕਦਾ | ਪੀਰ ਮੁਹੰਮਦ ਨੇ ਅੱਗੇ ਕਿਹਾ ਕਿ ਅੱਜ ਦੇ ਦੌਰ ਵਿਚ ਬੱਚਿਆਂ ਅਤੇ ਔਰਤਾਂ ਦੀ ਸੁਰੱਖਿਆ ਸਭ ਤੋਂ ਵੱਡੀ ਚੁਣੌਤੀ ਬਣ ਚੁੱਕੀ ਹੈ | ਉਨ੍ਹਾਂ ਮੰਗ ਕੀਤੀ ਕਿ ਦੇਸ਼ ਦੀਆਂ ਅਦਾਲਤਾਂ ਅਤੇ ਸਰਕਾਰਾਂ ਨੂੰ ਅਜਿਹੇ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ, ਤਾਂ ਜੋ ਅਪਰਾਧੀਆਂ ਦੇ ਮਨਾਂ ਵਿਚ ਅਜਿਹਾ ਖ਼ੌਫ਼ ਪੈਦਾ ਹੋਵੇ ਕਿ ਉਹ ਕਿਸੇ ਮਾਸੂਮ ਵੱਲ ਅੱਖ ਚੁੱਕ ਕੇ ਦੇਖਣ ਦੀ ਹਿੰਮਤ ਵੀ ਨਾ ਕਰ ਸਕਣ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਮਾਜ ਨੂੰ ਸੁਰੱਖਿਅਤ ਅਤੇ ਸਾਫ਼-ਸੁਥਰਾ ਬਣਾਉਣ ਲਈ ਅਜਿਹੇ ਕੜੇ ਫੈਸਲੇ ਸਮੇਂ ਦੀ ਮੁੱਖ ਲੋੜ ਹਨ |