ਅਮਰਕੋਟ, 19 ਮਈ (ਭੱਟੀ)ਹਲਕਾ ਖੇਮਕਰਨ ਅਧੀਨ ਆਉਂਦੀ ਸਭ ਤੋਂ ਵੱਡੀ ਅਮਰਕੋਟ ਦਾਣਾ ਮੰਡੀ ਜਿਥੇ ਅੱਜ ਵੀ ਕਿਸਾਨ ਆਪਣੀ ਕਣਕ ਲੈ ਕੇ ਮੰਡੀ ਵਿਚ ਬੈਠੇ ਹਨ | ਇਸ ਮੌਕੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਬੱਬੂ ਆੜ੍ਹਤੀ ਤੇ ਉਨ੍ਹਾਂ ਨਾਲ ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਨਸਪ ਏਜੰਸੀ ਵਲੋਂ ਆੜ੍ਹਤੀਆਂ ਨੂੰ ਬਾਰਦਾਨਾ ਨਹੀਂ ਦਿੱਤਾ ਜਾ ਰਿਹਾ, ਜਿਸ ਕਰਕੇ ਉਨ੍ਹਾਂ ਦੀ ਕਣਕ ਖਰੀਦ ਦੀ ਨਹੀਂ ਹੋ ਰਹੀ | ਉਨਾਂ ਕਿਹਾ ਕਿ ਉਪਰੋਂ ਝੋਨੇ ਦੀ ਲਾਵਾਈ ਦਾ ਸੀਜ਼ਨ ਅਤੇ ਉਨ੍ਹਾਂ ਉਸ ਲਈ ਆਪਣੇ ਖੇਤ ਤਿਆਰ ਕਰਨੇ ਹਨ, ਪਰ ਉਹ ਅੱਜ ਵੀ ਮੰਡੀਆਂ ਵਿਚ ਧੱਕੇ ਖਾਣ ਲਈ ਮਜ਼ਬੂਰ ਹਨ, ਭਾਵੇਂਕਿ ਸਰਕਾਰ ਵਲੋਂ 19 ਅਪ੍ਰੈਲ ਦੀ ਮੰਡੀਆਂ ਵਿਚ ਕਣਕ ਦੀ ਖਰੀਦ ਬੰਦ ਕਰ ਦਿੱਤੀ ਗਈ, ਪਰ ਅੱਜ ਵੀ ਮੰਡੀ ਵਿਚ ਕਣਕ ਖੁੱਲ੍ਹੇ ਅਸਮਾਨ ਹੇਠ ਪਈ ਹੈ | ਪੱਲੇਦਾਰ ਯੂਨੀਅਨ ਦੇ ਪ੍ਰਧਾਨ ਰਾਮਪਾਲ ਸਿੰਘ, ਸਾਬਕਾ ਸਰਪੰਚ ਮਹਾਂਬੀਰ ਸਿੰਘ ਅਬਾਦੀ ਅਮਰਕੋਟ ਨੇ ਕਿਹਾ ਕਿ ਸਰਕਾਰ ਦੀ ਖ੍ਰੀਦ ਦੀ ਕਣਕ ਦੀ ਲਿਫਟਿੰਗ ਨਾ ਹੋਣ ਕਰਕੇ ਪੱਲਦਾਰ ਡਾਹਢੇ ਪ੍ਰੇਸ਼ਾਨ ਹੋਏ ਆਪਣੇ ਪੱਲਿਓਾ ਖਰਚ ਖਾਣ ਨੂੰ ਮਜ਼ਬੂਰ ਹਨ | ਇਸ ਮੌਕੇ ਆੜ੍ਹਤੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਮਰਕੋਟ ਦਾਣਾ ਮੰਡੀ ਵਿਚ ਪਨਸਪ ਏਜੰਸੀ ਹੀ ਖਰੀਦ ਕਰ ਰਹੀ ਹੈ, ਜਿਸ ਵਲੋਂ ਅਜੇ ਤੱਕ ਵੀ ਬਾਰਦਾਨਾ ਪੂਰਾ ਨਹੀਂ ਦਿੱਤਾ ਗਿਆ, ਜਿਸ ਕਰਕੇ ਉਹ ਕਣਕ ਦੀ ਖਰੀਦ ਨਹੀਂ ਕਰ ਰਹੇ ਅਤੇ ਨਾ ਹੀ ਖ਼ਰੀਦੀ ਕਣਕ ਬੋਰੀਆਂ ਵਿਚ ਭਰੀ ਜਾ ਰਹੀ ਹੈ, ਜਿਸ ਕਰਕੇ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ | ਇਸ ਸਾਰੇ ਮਾਮਲੇ 'ਤੇ ਏ.ਡੀ.ਸੀ. ਸੁਰਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਆਇਆ ਹੈ ਕਿ ਜਲਦੀ ਹੀ ਉਥੇ ਸੰਬੰਧਿਤ ਏਜੰਸੀ ਦਾ ਇੰਸਪੈਕਟਰ ਭੇਜ ਕੇ ਲਿਫਟਿੰਗ ਅਤੇ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ |