ਖਡੂਰ ਸਾਹਿਬ, 19 ਮਈ (ਰਸ਼ਪਾਲ ਸਿੰਘ ਕੁਲਾਰ)-ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾਅਵੇ ਤਾਂ ਬਹੁਤ ਵੱਡੇਵੱਡੇ ਕਰਦੀ ਹੈ, ਪਰ ਹਕੀਕਤ ਇਹ ਹੈ ਕਿ ਇਨ੍ਹਾਂ ਦੀਆਂ ਨਿਕੰਮੀਆਂ ਨੀਤੀਆਂ ਕਾਰਨ ਆਮ ਲੋਕਾਂ ਦਾ ਜੀਵਨ ਮੁਹਾਲ ਹੋਇਆ ਪਿਆ ਹੈ | ਉਨ੍ਹਾਂ ਕਿਹਾ ਕਿ ਤਰਨ ਤਾਰਨ ਜ਼ਿਲ੍ਹੇ ਦੀਆਂ ਤਹਿਸੀਲਾਂ ਵਿਚ ਤਹਿਸੀਲਦਾਰਾਂ ਦਾ ਕਾਲ ਪੈ ਗਿਆ ਹੈ, ਕਿਉਂਕਿ ਕੋਈ ਵੀ ਅਫ਼ਸਰ ਇਨ੍ਹਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਇਸ ਇਲਾਕੇ ਵਿਚ ਨੌਕਰੀ ਕਰਨ ਨੂੰ ਤਿਆਰ ਨਹੀਂ, ਜਦੋਂਕਿ ਖਡੂਰ ਸਾਹਿਬ ਤਹਿਸੀਲ ਵਿਚ ਪਿਛਲੇ ਦੋ ਮਹੀਨਿਆਂ ਤੋਂ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਦੀ ਨਿਯੁਕਤੀ ਨਹੀਂ ਹੋਈ ਤੇ ਤਰਨ ਤਾਰਨ ਤਹਿਸੀਲ ਅਤੇ ਚੋਹਲਾ ਸਾਹਿਬ ਸਬ ਤਹਿਸੀਲ ਵਿਚ ਵੀ ਤਹਿਸੀਲਦਾਰ ਨਹੀਂ ਹੈ, ਜਦੋਂਕਿ ਨਾਇਬ ਤਹਿਸੀਲਦਾਰ ਦੋਦੋ ਜਗ੍ਹਾ ਰਜਿਸਟਰੀਆ ਕਰਨ ਲਈ ਡਿਊਟੀ ਕਰ ਰਹੇ ਹਨ, ਪਰ ਲੋਕਾਂ ਦੇ ਇੰਤਕਾਲ ਨਹੀਂ ਹੋ ਰਹੇ, ਕਿਉਂਕਿ ਨਾਈਬ ਤਹਿਸੀਲਦਾਰ ਕੋਲ ਇੰਤਕਾਲ ਮੰਨਜੂਰ ਕਰਨ ਦਾ ਅਧਿਕਾਰ ਹੀ ਨਹੀਂ ਹੈ, ਜਿਸ ਕਾਰਨ ਜਿੱਥੇ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਜਿੰਨਾ ਲੋਕਾਂ ਨੇ ਕਾਰੋਬਾਰ ਕਰਨੇ ਹਨ, ਉਨ੍ਹਾਂ ਦੇ ਕੰਮ ਰੁਕ ਚੁੱਕੇ ਹਨ, ਪਰ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ ਤੇ ਲੋਕ ਹਾਹਾਕਾਰ ਕਰ ਰਹੇ ਹਨ | ਜੇਕਰ ਆਲਮ ਅਜਿਹਾ ਰਿਹਾ ਤੇ ਕੋਈ ਮਾਨਸਿਕ ਦਬਾਅ ਹੇਠ ਆ ਕੇ ਖੁਦਕੁਸ਼ੀਆਂ ਦੀ ਰਾਹ ਵੀ ਅਖਤਿਆਰ ਕਰ ਸਕਦਾ ਹੈ, ਜਿਸ ਦੀ ਸਿੱਧੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ, ਜਿਸ ਵੱਲ ਸਰਕਾਰ ਨੂੰ ਤੁਰੰਤ ਐਕਸ਼ਨ ਲੈ ਕੇ ਹਰੇਕ ਤਹਿਸੀਲ ਦੇ ਵਿਚ ਤਹਿਸੀਲਦਾਰ ਦੀ ਨਿਯੁਕਤੀ ਕਰਨੀ ਚਾਹੀਦੀ ਹੈ | ਜੇਕਰ ਅਜਿਹਾ ਨਹੀਂ ਹੋ ਰਿਹਾ ਤਾਂ ਨਾਇਬ ਤਹਸੀਲਦਾਰ ਨੂੰ ਅਧਿਕਾਰ ਦਿੱਤੇ ਜਾਣ ਕਿ ਉਹ ਪਿਛਲੀਆਂ ਰਜਿਸਟਰੀਆਂ ਦੇ ਇੰਤਕਾਲ ਕਰੇ, ਤਾਂ ਕਿ ਲੋਕਾਂ ਦੀ ਖੱਜਲ ਖਵਾਰੀ ਰੁਕ ਸਕੇ | ਇਸ ਮੌਕੇ ਭੁਪਿੰਦਰ ਸਿੰਘ ਚਤਰੱਥ, ਠੇਕੇਦਾਰ ਸੁਖਜਿੰਦਰ ਸਿੰਘ, ਤਰਸੇਮ ਸਿੰਘ ਛਾਪੜੀ ਸਾਹਿਬ ਤੇ ਵਰਿੰਦਰਪਾਲ ਸਿੰਘ ਆਦਿ ਹਾਜ਼ਰ ਸਨ |