ਤਰਨ ਤਾਰਨ, 19 ਮਈ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਖਾਲੜਾ ਦੀ ਪੁਲਿਸ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਮਾਰ ਦੇਣ ਦੀ ਨੀਅਤ ਨਾਲ ਵਿਅਕਤੀਆਂ ਉਪਰ ਪਿਸਟਲਾਂ ਨਾਲ ਫਾਇਰ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਤੋਂ ਇਲਾਵਾ 10 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਖਾਲੜਾ ਵਿਖੇ ਬਲਦੇਵ ਸਿੰਘ ਪੁੱਤਰ ਕਾਰਜ ਸਿੰਘ ਵਾਸੀ ਨਾਰਲੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦੇ ਨਾਨਕੇ ਪਿੰਡ ਨਾਰਲੀ ਵਿਚ ਹੈ, ਉਸਦੇ ਮਾਮੇ ਸਰਵਨ ਸਿੰਘ ਪੁੱਤਰ ਗੁਰਮੁੱਖ ਸਿੰਘ ਦੀ ਮੌਤ ਹੋ ਗਈ ਹੈ ਅਤੇ ਉਸਦੇ ਮਾਮੇ ਦੀ ਕੋਈ ਉਲਾਦ ਨਹੀਂ ਸੀ | ਉਸ ਦੀਆਂ ਤਿੰਨ ਮਾਸੀਆਂ ਹਨ ਅਤੇ ਉਸਦੇ ਮਾਮੇ ਦੀ 1 ਕਿੱਲਾ ਤੇ 7 ਕਨਾਲਾ ਜ਼ਮੀਨ ਹੈ, ਜੋ ਤਰਸੇਮ ਸਿੰਘ ਉਰਫ ਸੇਮੂ ਪੁੱਤਰ ਕਸ਼ਮੀਰ ਸਿੰਘ ਵਾਸੀ ਨਾਰਲੀ ਦੀ ਜ਼ਮੀਨ ਨਾਲ ਲਗਦੀ ਹੈ | ਤਰਸੇਮ ਸਿੰਘ ਨਾਲ 10 ਦਿਨ ਪਹਿਲਾਂ ਸਾਰੀ ਜ਼ਮੀਨ ਦਾ 43 ਲੱਖ ਰੁਪਏ ਦਾ ਸੌਦਾ ਹੋ ਗਿਆ ਪਰ ਉਸਦੀਆਂ ਮਾਸੀਆਂ ਇਸ ਸੌਦੇ ਤੋਂ ਰਾਜੀ ਨਾ ਹੋਈਆਂ ਪਰ ਤਰਸੇਮ ਸਿੰਘ ਇਸ ਸੌਦੇ 'ਤੇ ਅੜਿਆ ਰਿਹਾ ਅਤੇ ਆਪਣੇ ਟਰੈਕਟਰ ਨਾਲ ਜ਼ਮੀਨ ਵਾਹ ਰਿਹਾ ਸੀ, ਉਸਦੇ ਨਾਲ 8/10 ਹੋਰ ਵਿਅਕਤੀ ਸਨ | ਉਸ ਨਾਲ ਉਸ ਦੀ ਮਾਸੀ ਦਾ ਲੜਕਾ ਗੁਰਜੰਟ ਸਿੰਘ ਪੁੱਤਰ ਨਿਰਵੈਲ ਸਿੰਘ ਤੇ ਮਾਸੜ ਨਿਰਵੈਲ ਸਿੰਘ ਪੁੱਤਰ ਬਹਾਲ ਸਿੰਘ, ਭਤੀਜਾ ਸੁਖਬੀਰ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀਆਨ ਗੱਗੋਬੂਆ ਨਾਲ ਆਏ | ਤਰਸੇਮ ਸਿੰਘ ਨੂੰ ਜਮੀਨ ਵਾਹੁਣ ਤੋੋਂ ਰੋਕਿਆ ਜਿਸਨੇ ਆਪਣੇ ਸਾਥੀਆਂ ਨਾਲ ਰਲ ਕੇ ਉਸਦੇ ਅਤੇ ਉਸਦੇ ਨਾਲ ਆਏ ਸਾਥੀਆਂ 'ਤੇ ਪਿਸਟਲ, 12 ਬੋਰ ਰਾਈਫਲ ਦੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ, ਜਿਸ ਨਾਲ ਉਹ ਜ਼ਖਮੀ ਹੋ ਗਏ, ਜੋ ਕਿ ਗੁਰੂ ਨਾਨਕ ਦੇਵ ਹਸਪਤਾਲ ਅੰਮਿ੍ਤਸਰ ਵਿਖੇ ਜੇਰੇ ਇਲਾਜ ਹਨ | ਜਾਂਚ ਅਧਿਕਾਰੀ ਐੱਸ.ਆਈ. ਬਲਜਿੰਦਰ ਸਿੰਘ ਨੇ ਦਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ, ਤਰਸੇਮ ਸਿੰਘ ਪੁੱਤਰ ਕਸ਼ਮੀਰ ਸਿੰੰਘ, ਕੁਲਵੰਤ ਸਿੰਘ ਪੁੱਤਰ ਮਿਲਖਾ ਸਿੰਘ ਵਾਸੀਅਨ ਨਾਰਲੀ ਤੋਂ ਇਲਾਵਾ 10 ਅਣਪਛਾਤੇ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ |