ਤਰਨ ਤਾਰਨ, 19 ਮਈ (ਹਰਿੰਦਰ ਸਿੰਘ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਸ਼ਹੀਦ ਦੀਪਕ ਧਵਨ ਤੇ ਸਾਥੀਆਂ ਦੀ ਬਰਸੀ ਮੌਕੇ ਸਥਾਨਕ ਗਾਂਧੀ ਪਾਰਕ ਵਿਖੇ ਵਿਸ਼ਾਲ ਇੱਕਤਰਤਾ ਕੀਤੀ ਗਈ | ਇਸ ਮੌਕੇ ਸੈਂਕੜੇ ਲੋਕਾਂ ਵਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ | ਆਰ. ਐੱਮ. ਪੀ. ਆਈ. ਦੇ ਕੁੱਲ ਹਿੰਦ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਫਿਰਕਾਪ੍ਰਸਤੀ ਨੇ ਦੇਸ਼ ਅਤੇ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਹੈ ਅਤੇ ਲੱਖਾਂ ਲੋਕਾਂ ਨੂੰ ਜਾਨਾਂ ਗਵਾਉਣੀਆਂ ਪਈਆਂ ਹਨ | ਉਨ੍ਹਾਂ ਕਿਹਾ ਧਰਮ ਦਾ ਨਾਮ ਲੈ ਕੇ ਕੀਤੀ ਸਿਆਸਤ ਦੇਸ਼ ਦੇ ਲੋਕਾਂ ਦੇ ਮਨਾਂ ਵਿਚ ਨਫਰਤ ਦੇ ਬੀਜ ਬੀਜਦੀ ਹੈ | ਉਨ੍ਹਾਂ ਕਿਹਾ ਅੱਜ ਫੇਰ ਫਿਰਕੂ ਵੰਡ ਪੈਦਾ ਕਰਕੇ ਫਾਸੀਵਾਦੀ ਆਰਥਿਕਤਾ ਲੀਹ ਤੋਂ ਲੱਥ ਚੁੱਕੀ ਹੈ ਤੇ ਦੇਸ਼ ਦੇ ਲੋਕ ਮਹਿੰਗਾਈ ਅਤੇ ਬੇਰੁਜਗਾਰੀ ਦੀ ਚੱਕੀ ਵਿਚ ਪਿਸ ਰਹੇ ਹਨ | ਪਾਸਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪੈਟਰੋਲ, ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ 'ਚ ਭਾਰੀ ਵਾਧਾ ਕਰਕੇ ਮਹਿੰਗਾਈ ਨੂੰ ਸਿਖਰਾਂ 'ਤੇ ਖੜਿਆ ਕਰ ਦਿਤਾ ਹੈ ਅਤੇ ਮਹਿੰਗਾਈ ਕਾਰਨ ਗਰੀਬ ਲੋਕਾਂ ਦਾ ਜਿਉਣਾ ਦੁੱਬਰ ਹੋਇਆ ਪਿਆ ਹੈ | ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪੰਜ ਰਾਜਾਂ ਦੀਆਂ ਚੋਣਾਂ ਤੋਂ ਫੌਰੀ ਤੌਰ ਤੇ ਕਦਮ ਚੁੱਕ ਕੇ ਲੋਕਾਂ ਨੂੰ ਤੇਲ ਘੱਟ, ਸੋਨਾ ਨਾ ਖਰੀਦਣ ਅਤੇ ਆਵਾਜਾਈ ਨੂੰ ਘੱਟ ਕਰਨ ਦਾ ਫੁਰਮਾਨ ਜਾਰੀ ਕੀਤਾ ਹੈ, ਜੋ ਕਿ ਮੋਦੀ ਸਰਕਾਰ ਦਾ ਇਹ ਫੈਸਲਾ ਲੋਕ ਵਿਰੋਧੀ ਹੈ | ਸਮਾਗਮ ਦੀ ਪ੍ਰਧਾਨਗੀ ਚਮਨ ਲਾਲ ਦਰਾਜਕੇ, ਦਾਰਾ ਸਿੰਘ ਮੁੰਡਾ ਪਿੰਡ, ਧਰਮ ਸਿੰਘ ਪੱਟੀ ਨੇ | ਇਸ ਮੌਕੇ ਪਾਰਟੀ ਦੇ ਸੂਬਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਅੱਜ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਪੰਜਾਬ ਅੰਦਰ ਨਸ਼ਿਆਂ, ਗੁੰਡਾਗਰਦੀ, ਕਤਲੋਗਾਰਦ ਦੇ ਖਿਲਾਫ਼ ਪੰਜਾਬ ਦੇ ਅਣਖੀ ਲੋਕਾਂ ਨੂੰ ਇਕੱਠੇ ਹੋ ਕੇ ਹੀ ਮੁਕਾਬਲਾ ਕੀਤਾ ਜਾ ਸਕਦਾ ਹੈ | ਸੀ. ਪੀ. ਆਈ. ਐੱਮ. ਐੱਲ. ਲਿਬਰੇਸ਼ਨ ਦੇ ਸੂਬਾਈ ਆਗੂ ਕੰਵਲਜੀਤ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਦੇਸ਼ ਅੰਦਰ ਬੇਰੁਜ਼ਗਾਰੀ, ਮਹਿੰਗਾਈ, ਭਿ੍ਸ਼ਟਾਚਾਰ ਅੱਤ ਦਾ ਫੈਲਿਆ ਹੋਇਆ ਹੈ, ਉਥੇ ਪੰਜਾਬ ਦੀ ਧਰਤੀ ਤੇ ਭਗਵੰਤ ਮਾਨ ਦੀ ਸਰਕਾਰ ਭਿ੍ਸ਼ਟਾਚਾਰ, ਬੇਰੁਜ਼ਗਾਰੀ ਤੋਂ ਪਿੱਛੇ ਨਹੀਂ | ਇਸ ਕਰਕੇ ਪੰਜਾਬ ਦੇ ਜਮਹੂਰੀ ਧਰਮ ਨਿਰਪੱਖ ਤਾਕਤਾਂ ਨੂੰ ਇਕੱਠਿਆਂ ਹੋ ਕੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਖਿਲਾਫ਼ ਤਿੱਖਾ ਸੰਘਰਸ਼ ਕਰਨ ਦਾ ਆਇਦ ਕਰਨਾ ਚਾਹੀਦਾ ਹੈ | ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਮੁਖਤਾਰ ਸਿੰਘ ਮੱਲ੍ਹਾ, ਚਮਨ ਲਾਲ ਦਰਾਜਕੇ, ਬਲਦੇਵ ਸਿੰਘ ਪੰਡੋਰੀ, ਮਨਜੀਤ ਸਿੰਘ ਬੱਗੂ, ਸੁਲੱਖਣ ਤੁੜ, ਅੰਮਿ੍ਤਸਰ ਸਿੰਘ ਮੰਨਣ, ਦਲਜੀਤ ਸਿੰਘ ਦਿਆਲਪੁਰਾ, ਮੁਲਾਜ਼ਮਾਂ ਦੇ ਆਗੂ ਜਗਤਾਰ ਸਿੰਘ ਉੱਪਲ, ਮੰਗਲ ਸਿੰਘ ਟਾਂਡਾ, ਵਿਆਪਕ ਧਵਨ, ਇੰਦੂ ਧਵਨ, ਰੇਸ਼ਮ ਸਿੰਘ ਫੈਲੋਕੇ, ਨਰਿੰਦਰ ਕੌਰ, ਬਲਦੇਵ ਸਿੰਘ ਕੱਲਾ, ਜਸਬੀਰ ਸਿੰਘ ਵੈਰੋਵਾਲ, ਨਰਿੰਦਰ ਸਿੰਘ ਰਟੌਲ, ਸਤਪਾਲ ਸ਼ਰਮਾ, ਜਸਬੀਰ ਕੌਰ ਆਦਿ ਆਗੂਆਂ ਨੇ ਸ਼ਰਧਾ ਤੇ ਫੁੱਲ ਭੇਟ ਕੀਤੇ |