ਤਰਨ ਤਾਰਨ, 19 ਮਈ (ਹਰਿੰਦਰ ਸਿੰਘ)-ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨ ਪਾਉਣ ਦੀ ਖੁਸ਼ੀ ਵਿਚ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ ਨਿਹੰਗ ਸਿੰਘ ਛਾਉਣੀ ਹੈਡਕੁਆਟਰ ਸੁਰਸਿੰਘ ਵਿਖੇ 23 ਅਤੇ 24 ਮਈ ਨੂੰ ਮਨਾਏ ਜਾ ਰਹੇ ਸਲਾਨਾ 2 ਰੋਜਾ ਜੋੜ ਮੇਲੇ ਦੇ ਸੰਬੰਧ ਵਿਚ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਦੇ ਮੌਜੂਦਾ 12 ਵੇਂ ਮੁਖੀ ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਵਲੋਂ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਜਾਇਜ਼ਾ ਲਿਆ ਗਿਆ | ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਦੱਸਿਆ ਕਿ ਸਲਾਨਾ ਜੋੜ ਮੇਲੇ ਦੌਰਾਨ 21 ਮਈ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਵੇਗੀ | 22 ਮਈ ਦਿਨ ਸ਼ਨੀਵਾਰ ਨੂੰ ਪਾਲਕੀ ਸਾਹਿਬ ਨਗਰ ਕੀਰਤਨ ਸਜਾਇਆ ਜਾਵੇਗਾ | 23 ਮਈ ਸ਼ਨੀਵਾਰ ਨੂੰ ਅਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ | ਇਸ ਤੋਂ ਬਾਅਦ ਕਵੀਸ਼ਰੀ ਦਰਬਾਰ ਸੱਜੇਗਾ | 24 ਮਈ ਦਿਨ ਐਤਵਾਰ ਨੂੰ ਸਜਾਏ ਜਾਣ ਵਾਲੇ ਧਾਰਮਿਕ ਦੀਵਾਨਾਂ ਵਿਚ ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਕਵੀਸ਼ਰੀ ਜਥੇ ਪਹੁੰਚ ਰਹੇ ਹਨ, ਉਥੇ ਸ਼ਾਮ ਸਮੇਂ ਕਬੱਡੀ ਦੇ ਮੈਚ ਵੀ ਕਰਵਾਏ ਜਾਣਗੇ | ਬਾਬਾ ਜੀ ਨੇ ਦੱਸਿਆ ਕਿ ਸਮਾਗਮ ਵਿਚ ਜਥੇਦਾਰ, ਸਿੰਘ ਸਾਹਿਬ, ਸੰਤ ਮਹਾਂਪੁਰਸ਼, ਨਿਰਮਲੇ ਸੰਤ, ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ, ਧਾਰਮਿਕ ਅਤੇ ਰਾਜਨੀਤਿਕ ਸਖਸ਼ੀਅਤਾਂ ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਸੰਗਤ ਵੱਡੀ ਗਿਣਤੀ ਵਿਚ ਪਹੁੰਚ ਰਹੀ ਹੈ | ਸਮਾਗਮ ਦੌਰਾਨ ਸਜਾਏ ਜਾ ਰਹੇ ਪੰਡਾਲ, ਸੰਗਤ ਲਈ ਪਾਰਕਿੰਗ ਦਾ ਪ੍ਰਬੰਧ, ਸੰਗਤਾਂ ਦੇ ਠਹਿਰਾਅ, ਗੁਰੂ ਕੇ ਲੰਗਰ ਆਦਿ ਤੋਂ ਇਲਾਵਾ ਹੋਰ ਜਰੂਰੀ ਸਹੂਲਤਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਅਤੇ ਇਸ ਸੰਬੰਧੀ ਵੱਖ-ਵੱਖ ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਮਨਾਏ ਜਾ ਰਹੇ ਜੋੜ ਮੇਲੇ ਦੌਰਾਨ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ |