ਪੱਟੀ 3 ਜੂਨ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਨਗਰ ਕੌਂਸਲ ਪੱਟੀ ਦੇ ਚੋਣ ਨਤੀਜਿਆਂ ਵਿਚ ਪੱਟੀ ਸ਼ਹਿਰ ਵਾਸੀਆਂ ਨੇ ਕਿਸੇ ਵੀ ਧਿਰ ਨੂੰ ਸਪੱਸ਼ਟ ਬਹੁਮਤ ਨਹੀਂ ਦਿੱਤਾ | ਪੱਟੀ ਸ਼ਹਿਰ ਦੀਆਂ ਨਗਰ ਕੌਂਸਲ ਵਿਚ 19 ਵਾਰਡਾਂ ਵਿਚ ਚੋਣ ਹੋਈ, ਜੋ ਆਮ ਆਦਮੀ ਪਾਰਟੀ, ਕਾਂਗਰਸ, ਭਾਰਤੀ ਜਨਤਾ ਪਾਰਟੀ, ਕੈਰੋਂ ਧੜੇ ਦੇ ਆਜ਼ਾਦ ਅਤੇ ਵੱਖ-ਵੱਖ ਪਾਰਟੀਆਂ ਤੋਂ ਨਾਰਾਜ਼ ਆਗੂਆਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ | ਇਸ ਚੋਣ ਵਿਚ ਵੱਖ-ਵੱਖ ਪਾਰਟੀਆਂ ਦੇ 74 ਉਮੀਦਵਾਰਾਂ ਨੇ ਆਪਣੀ ਕਿਸਮਤ ਅਜਮਾਈ | ਪੱਟੀ ਸ਼ਹਿਰ ਵਿਚ ਜਿੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ 19-19 ਉਮੀਦਵਾਰਾਂ ਨੇ ਚੋਣ ਲੜੀ, ਉਥੇ ਹੀ ਕੈਰੋਂ ਧੜੇ ਦੇ 14 ਉਮੀਦਵਾਰ ਤੇ ਭਾਰਤੀ ਜਨਤਾ ਪਾਰਟੀ ਦੇ 12 ਉਮੀਦਵਾਰ ਅਤੇ ਵੱਖ-ਵੱਖ ਵਾਰਡਾਂ ਵਿਚ 10 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿਚ ਡਟੇ | ਇਨ੍ਹਾਂ ਚੋਣਾਂ ਦੇ ਨਤੀਜਿਆਂ ਵਿਚ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ, ਜਿਸ ਦੇ 19 ਵਾਰਡਾਂ ਵਿਚੋਂ 9 ਉਮੀਦਵਾਰ ਜਿੱਤਣ ਵਿਚ ਕਾਮਯਾਬ ਰਹੇ, ਜਿਸ ਦਾ ਮੁੱਖ ਕਾਰਨ ਸਾਬਕਾ ਵਿਧਾਇਕ ਪੱਟੀ ਹਰਮਿੰਦਰ ਸਿੰਘ ਗਿੱਲ ਦਾ ਪੱਟੀ ਹਲਕੇ ਦੇ ਲੋਕਾਂ ਦੇ ਦੁੱਖ ਸੁੱਖ ਵਿਚ ਹਰ ਸਮੇਂ ਸ਼ਾਮਿਲ ਹੋਣਾ ਵੀ ਮੰਨਿਆ ਜਾ ਰਿਹਾ ਹੈ | ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੂਜੇ ਨੰਬਰ 'ਤੇ ਰਹੀ, ਜਿਸ ਦੇ 6 ਉਮੀਦਵਾਰ ਜੇਤੂ ਰਹੇ | ਇੱਥੇ ਲੋਕਾਂ ਦਾ ਮੰਨਣਾ ਹੈ ਕਿ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਲਾਲਜੀਤ ਸਿੰਘ ਭੁੱਲਰ ਜੇਕਰ ਜੇਲ੍ਹ ਤੋਂ ਬਾਹਰ ਹੁੰਦੇ ਤਾਂ ਨਤੀਜੇ ਕੁੱਝ ਹੋਰ ਹੀ ਹੁੰਦੇ | ਤੀਸਰੇ ਨੰਬਰ 'ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸਾਬਕਾ ਕੈਬਨਿਟ ਮੰਤਰੀ ਪੰਜਾਬ ਦੇ ਧੜੇ ਨਾਲ ਸੰਬੰਧਿਤ 4 ਆਜ਼ਾਦ ਕੌਂਸਲਰ ਵੀ ਜਿੱਤੇ ਹਨ, ਜੋ ਕੈਰੋਂ ਪਰਿਵਾਰ ਦੇ ਮੈਂਬਰਾਂ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਬੀਬਾ ਪ੍ਰਨੀਤ ਕੈਰੋਂ ਅਤੇ ਦਿਲਸ਼ੇਰ ਪ੍ਰਤਾਪ ਸਿੰਘ ਕੈਰੋਂ ਦਾ ਲੋਕਾਂ ਤੱਕ ਸੰਪਰਕ ਬਣਾਉਣਾ ਹੈ | ਵਰਨਣਯੋਗ ਹੈ ਕਿ ਪੱਟੀ ਸ਼ਹਿਰ ਵਿਚ ਭਾਰਤੀ ਜਨਤਾ ਪਾਰਟੀ ਦਾ ਖਾਤਾ ਨਹੀਂ ਖੁੱਲ੍ਹ ਸਕਿਆ, ਜਦਕਿ ਇਥੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਮੰਡਲ ਪ੍ਰਧਾਨ ਪੱਟੀ ਵਿਜੇ ਵਿਨਾਇਕ ਵਲੋਂ ਪੂਰੀ ਮਿਹਨਤ ਕੀਤੀ ਗਈ | ਜਿਸ ਤਰ੍ਹਾਂ ਕਿ ਪੰਜਾਬ ਵਿਚ ਸੰਨ੍ਹ 2027 ਵਿਚ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ ਤੇ ਲੋਕ ਇਸ ਨਗਰ ਕੌਸਲ ਪੱਟੀ ਦੀ ਚੋਣ ਨੂੰ ਸੈਮੀਫਾਈਨਲ ਵਜੋਂ ਵੇਖ ਰਹੇ ਸਨ ਅਤੇ ਇਸ ਸੈਮੀਫਾਈਨਲ ਵਿਚ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦਾ ਪਲੜਾ ਭਾਰੀ ਦਿਸ ਰਿਹਾ ਹੈ, ਜੋ ਹਰਮਿੰਦਰ ਸਿੰਘ ਗਿੱਲ ਦੀ ਮਿਹਨਤ ਦਾ ਨਤੀਜਾ ਹੈ | ਦੂਜੇ ਪਾਸੇ ਲੱਗ ਰਿਹਾ ਹੈ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਧੜੇ ਦੇ ਚਾਰ ਕੌਂਸਲਰ ਕਿੰਗ ਮੇਕਰ ਵਜੋਂ ਸਾਹਮਣੇ ਆਉਣਗੇ | ਭਾਵੇਂ ਕਿ ਪੱਟੀ ਤੋਂ ਹਲਕਾ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਜੇਲ੍ਹ ਵਿਚ ਹਨ, ਪਰ ਉਹ ਫਿਰ ਵੀ 6 ਸੀਟਾਂ ਜਿੱਤਣ ਵਿਚ ਕਾਮਯਾਬ ਰਹੇ ਜਦਕਿ ਪਿਛਲੀਆਂ ਨਗਰ ਕੌਂਸਲ ਚੋਣਾਂ ਵਿਚ ਉਨ੍ਹਾਂ ਦੇ 2 ਕੌਂਸਲਰ ਜਿੱਤੇ ਸਨ | ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜੇਲ੍ਹ ਵਿਚ ਬੈਠੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਲਾਲਜੀਤ ਸਿੰਘ ਭੁੱਲਰ ਵਲੋਂ ਜਿੱਥੇ ਆਪਣੀ ਪਾਰਟੀ ਦੇ ਜਿੱਤੇ ਕੌਂਸਲਰਾਂ ਨਾਲ ਮੁਲਾਕਾਤ ਕੀਤੀ ਹੈ, ਉੱਥੇ ਹੀ ਪੱਟੀ ਨਗਰ ਕੌਂਸਲ ਦੀ ਪ੍ਰਧਾਨਗੀ ਲਈ ਜੋੜ ਤੋੜ ਤੇਜ ਕਰ ਦਿੱਤੇ ਹਨ | ਇਸੇ ਤਰ੍ਹਾਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਜੋ ਕਾਂਗਰਸ ਅਧਾਰਿਤ ਕੌਂਸਲ ਬਣਾਉਣ ਲਈ ਯਤਨ ਕਰ ਰਹੇ ਹਨ | ਪੱਟੀ ਇਲਾਕੇ ਵਿਚ ਲੋਕਾਂ ਵਲੋਂ ਨਗਰ ਕੌਸਲ ਪੱਟੀ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਕੌਣ ਬਣੇਗਾ, ਲਈ ਕਿਆਸ ਅਰਾਈਆਂ ਪੂਰੇ ਜੋਰਾਂ 'ਤੇ ਹਨ ਅਤੇ ਕਈ ਤਰਨ ਤਾਰਨ ਵਰਗੇ ਹਾਲਾਤ ਬਣਨ ਤੋਂ ਵੀ ਇਨਕਾਰ ਨਹੀਂ ਕਰ ਰਹੇ, ਪਰ ਸਭ ਦਾ ਧਿਆਨ ਅਜੇ ਸਰਕਾਰ ਵਲੋਂ ਜਾਰੀ ਕੀਤੇ ਜਾਣ ਵਾਲੇ ਨੋਟੀਫਕੇਸ਼ਨ ਵੱਲ ਲੱਗਾ ਹੈ ਕਿ ਪੱਟੀ ਸ਼ਹਿਰ ਦੀ ਪ੍ਰਧਾਨਗੀ ਕਿਸ ਵਰਗ ਨੂੰ ਦਿੱਤੀ ਜਾਵੇਗੀ |