ਝਬਾਲ, 3 ਜੂਨ (ਸਰਬਜੀਤ ਸਿੰਘ)-ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਵੀਰੋ ਜੀ ਦੇ ਵਿਆਹ ਪੁਰਬ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਸਲਾਨਾ ਜੋੜ ਮੇਲਾ ਇਸ ਵਾਰ ਵੀ ਗੁਰਦੁਆਰਾ ਬੀਬੀ ਵੀਰੋ ਜੀ ਝਬਾਲ ਵਿਖੇ ਪ੍ਰਬੰਧਕਾਂ ਵਲੋਂ ਸਮੂਹ ਨਗਰ ਵਾਸੀ ਸੰਗਤਾਂ ਦੇ ਸਹਿਯੋਗ ਨਾਲ 9 ਅਤੇ 10 ਜੂਨ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਰਿਸੀਵਰ ਬਲਵਿੰਦਰ ਸਿੰਘ ਸਵਰਗਾਪੁਰੀ ਅਤੇ ਇੱਥੇ ਸੇਵਾ ਦੇ ਕਾਰਜ ਕਰਵਾ ਰਹੇ ਮਾਤਾ ਕੌਲਾ ਜੀ ਭਲਾਈ ਟਰੱਸਟ ਅੰਮਿ੍ਤਸਰ ਵਾਲੇ ਭਾਈ ਗੁਰਇਕਬਾਲ ਸਿੰਘ ਦੇ ਸਹਿਯੋਗੀ ਭਾਈ ਹਰਮਿੰਦਰ ਸਿੰਘ ਅਤੇ ਗ੍ਰੰਥੀ ਲਖਵਿੰਦਰ ਸਿੰਘ ਝਬਾਲ ਤੇ ਮੈਨੇਜ਼ਰ ਹਰਦੇਵ ਸਿੰਘ ਝਬਾਲ ਨੇ ਦੱਸਿਆ ਕਿ 7 ਜੂਨ ਨੂੰ ਗੁਰਦੁਆਰਾ ਸਾਹਿਬ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਣਗੇ ਅਤੇ 9 ਜੂਨ ਨੂੰ ਭੋਗ ਪਾਉਣ ਉਪਰੰਤ ਸ਼ਬਦ ਕੀਰਤਨ ਹੋਵੇਗਾ, ਤੋਂ ਬਾਅਦ ਦੀਵਾਨ ਹਾਲ ਵਿਚ ਧਾਰਮਿਕ ਦੀਵਾਨ ਸਜਾਏ ਗਏ, ਜਦੋਂਕਿ 10 ਜੂਨ ਨੂੰ ਸਵੇਰੇ ਪੁਰਾਤਨ ਸਮੇਂ ਅਨੁਸਾਰ ਸਵੇਰੇ ਤੜਕੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਬਾਅਦ ਚਾਰ ਲਾਵਾਂ ਦੇ ਪਾਠ ਕੀਤੇ ਜਾਣਗੇ ਅਤੇ ਕਥਾ ਉਪਰੰਤ 10 ਜੂਨ ਨੂੰ ਵੀ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿਚ ਪੰਥ ਦੇ ਪ੍ਰਸਿੱਧ ਵੱਖ-ਵੱਖ ਰਾਗੀ, ਢਾਡੀ ਅਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰੂ ਘਰ ਦਾ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ | ਇਸ ਮੌਕੇ ਹੋਰ ਵੀ ਵੱਖ-ਵੱਖ ਧਾਰਮਿਕ ਆਗੂ ਅਤੇ ਸੰਤ ਮਹਾਂਪੁਰਸ਼ ਪਹੁੰਚ ਕੇ ਸੰਗਤਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ | ਉਨ੍ਹਾਂ ਦੱਸਿਆ ਕਿ ਮੇਲੇ ਦੀ ਸਮਾਪਤੀ ਉਪਰੰਤ ਸ਼ਾਮ ਨੂੰ ਪੇਂਡੂ ਖੇਡ ਮੇਲਾ ਵੀ ਕਰਵਾਇਆ ਜਾਵੇਗਾ, ਜਿਸ ਵਿਚ ਕੁਸ਼ਤੀਆਂ, ਦੌੜਾਂ ਅਤੇ ਕਬੱਡੀ ਦੇ ਮੈਚ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ | ਇਸ ਮੌਕੇ ਉਨ੍ਹਾਂ ਸਮੂਹ ਨਗਰ ਵਾਸੀ ਸੰਗਤਾਂ ਨੂੰ ਅਪੀਲ ਕੀਤੀ ਕਿ ਮੇਲੇ ਦੌਰਾਨ ਇਸ ਵਾਰ ਸਮੂਹ ਨਗਰ ਵਾਸੀ ਸੰਗਤਾਂ ਆਪਣੇ ਘਰਾਂ ਵਿਚ ਦੀਪਮਾਲਾ ਜ਼ਰੂਰ ਕਰਨ | ਇਸ ਮੌਕੇ ਉਨ੍ਹਾਂ ਦੇ ਨਾਲ ਸ਼ਮਸ਼ੇਰ ਸਿੰਘ ਸੁੱਗਾ ਤੋਂ ਇਲਾਵਾ ਗੁਰਦੁਆਰਾ ਸਾਹਿਬ ਜੀ ਦੇ ਹੋਰ ਵੀ ਸੇਵਾਦਾਰ ਅਤੇ ਸੰਗਤਾਂ ਹਾਜ਼ਰ ਸਨ |