ਗੋਇੰਦਵਾਲ ਸਾਹਿਬ, 3 ਜੂਨ (ਸਕੱਤਰ ਸਿੰਘ ਅਟਵਾਲ)- ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ ਅਤੇ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਲਾਹੋਰੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੰਘੀਆਂ ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਵਿਚ ਪੂਰੇ ਪੰਜਾਬ ਵਿੱਚ ਪ੍ਰਸ਼ਾਸਨ ਤੇ ਦਬਾਅ ਬਣਾਕੇ ਬਹੁਤ ਧੱਕੇਸ਼ਾਹੀ ਕਰਕੇ ਚੋਣਾਂ ਜਿੱਤੀਆਂ ਗਈਆਂ ਹਨ | ਸਭ ਤੋਂ ਵੱਧ ਧੱਕੇਸ਼ਾਹੀ ਮਜੀਠਾ ਹਲਕੇ ਵਿਚ ਕੀਤੀ ਗਈ | ਜਿੱਥੇ ਸ਼ਰੇਆਮ ਪੁਲਿਸ ਪ੍ਰਸ਼ਾਸਨ ਦੀ ਮੌਜ਼ੂਦਗੀ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਗੁੰਡਾਗਰਦੀ ਕੀਤੀ ਗਈ, ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਹਨ | ਪਰ ਫਿਰ ਵੀ ਮਜੀਠਾ ਦੇ ਵੋਟਰਾਂ ਵਲੋਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿਚ ਫਤਵਾ ਦਿੱਤਾ ਅਤੇ ਉਨ੍ਹਾਂ ਦੇ 6 ਕੌਂਸਲਰ ਜਿੱਤਣ ਵਿਚ ਕਾਮਯਾਬ ਹੋਏ | ਸਰਕਾਰ ਵਲੋਂ ਹੁਣ ਫਿਰ ਮਨਘੜਤ ਕਹਾਣੀ ਬਣਾਕੇ ਮਜੀਠੀਆ ਤੇ ਐਫ.ਆਈ. ਦਰਜ ਕੀਤੀ ਗਈ ਹੈ,. ਜੋ ਬਹੁਤ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਮਜੀਠੀਆ ਦੀ ਲੋਕਾਂ ਵਿਚ ਲੋਕਪਿ੍ਯਤਾ ਪੰਜਾਬ ਸਰਕਾਰ ਨੂੰ ਹਜ਼ਮ ਨਹੀਂ ਹੋ | ਉਨ੍ਹਾਂ ਕਿਹਾ ਕਿ ਇਸ ਸਰਕਾਰ ਦੇ ਇੰਨ੍ਹਾਂ ਵਤੀਰਿਆਂ ਕਰਕੇ ਇਸ ਸਰਕਾਰ ਨੂੰ ਚਲਦਾ ਕਰਨ ਲਈ ਪੰਜਾਬ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਉਡੀਕ ਰਹੇ ਹਨ |